ਕੋਲੇ ਦੇ ਰੇਟਾਂ 'ਚ ਹੋਏ ਭਾਰੀ ਵਾਧੇ ਕਾਰਨ ਇੱਟਾਂ ਦੇ ਭਾਅ ਅਸਮਾਨ ਛੂਹਣ ਲੱਗੇ
ਅਜੀਤ ਡੈਸਕ
04-04-2026
• ਇੱਟਾਂ ਦੇ ਭਾਅ 'ਚ ਭਾਰੀ ਵਾਧੇ ਕਾਰਨ ਮਿਸਤਰੀ ਮਜ਼ਦੂਰ ਵੀ ਹੋਏ ਵਿਹਲੇ
ਜਗਰਾਉਂ, 3 ਅਪ੍ਰੈਲ (ਗੁਰਦੀਪ ਸਿੰਘ ਮਲਕ)-ਈਰਾਨ-ਇਜ਼ਰਾਈਲ ਦਾ ਯੁੱਧ ਦਾ ਅਸਰ ਹਰੇਕ ਛੋਟੀ ਵੱਡੀ ਚੀਜ਼ 'ਤੇ ਪੈ ਰਿਹਾ ਹੈ ਜਿਸਦਾ ਸਿੱਧਾ ਬੋਝ ਆਮ ਇਨਸਾਨ ਉੱਪਰ ਪੈ ਰਿਹਾ ਹੈ | ਖਾੜੀ ਖੇਤਰ 'ਚ ਚੱਲ ਰਹੇ ਯੁੱਧ ਕਾਰਨ ਗੈਸ, ਤੇਲ ਦੇ ਨਾਲ-ਨਾਲ ਕੋਲੇ ਦੇ ਰੇਟਾਂ ਵਿਚ ਵੀ ਭਾਰੀ ਵਾਧਾ ਹੋਇਆ ਅਤੇ ਕੋਲੇ 'ਚ ਆਈ ਇਕਦਮ ਤੇਜ਼ੀ ਕਾਰਨ ਮਕਾਨ ਉਸਾਰੀ ਲਈ ਵਰਤੀਆਂ ਜਾਂਦੀਆਂ ਇੱਟਾਂ ਦੇ ਭਾਅ ਵੀ ਅਸਮਾਨੀ ਛੂਹਣ ਲੱਗੇ ਹਨ | ਜਿਸਦਾ ਸਿੱਧਾ ਅਸਰ ਗਰੀਬ ਤੇ ਮੱਧਵਰਗੀ ਪਰਿਵਾਰਾਂ ਉੱਪਰ ਪਿਆ ਹੈ | ਜਿੰਨ੍ਹਾਂ ਲਈ ਹੁਣ ਘਰ ਬਣਾਉਣਾ ਇਕ ਸੁਪਨੇ ਦੀ ਤਰ੍ਹਾਂ ਹੋ ਚੁੱਕਾ ਹੈ ਕਿਉਂਕਿ ਮਹਿੰਗਾਈ ਕਾਰਨ ਇੱਟਾਂ ਦੇ ਭਾਅ ਇਨੇ ਜ਼ਿਆਦਾ ਹੋ ਚੁੱਕੇ ਹਨ ਕਿ ਇਹ ਆਮ ਵਿਅਕਤੀ ਦੇ ਬਜਟ 'ਚੋਂ ਬਾਹਰ ਹੋ ਚੁੱਕੇ ਹਨ | ਬਿਲਡਿੰਗ ਠੇਕੇਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਰਿੰਕੂ ਹਾਂਸ ਅਤੇ ਠੇਕੇਦਾਰ ਜਗਦੇਵ ਸਿੰਘ ਮਠਾੜੂ ਨੇ ਕਿਹਾ ਕਿ ਇੱਟਾਂ, ਰੇਤਾ ਬਜਰੀ ਅਤੇ ਸੀਮਿੰਟ ਦੇ ਭਾਅ ਇਕਦਮ ਵੱਧ ਜਾਣ ਕਾਰਨ ਮਕਾਨ ਉਸਾਰੀ ਦੇ ਕੰਮ ਬੰਦ ਹੋ ਚੁੱਕੇ ਹਨ | ਉਨ੍ਹਾਂ ਦੱਸਿਆ ਪਹਿਲਾ ਰੇਤੇ ਤੇ ਬਜਰੀ ਦੇ ਭਾਅ ਵਿਚ ਵਾਧਾ ਹੋਇਆ ਅਤੇ ਹੁਣ ਜੋ ਇੱਟ ਪਹਿਲਾਂ 6 ਤੋਂ 7 ਹਜ਼ਾਰ ਰੁਪਏ ਪ੍ਰਤੀ ਇਕ ਹਜ਼ਾਰ ਮਿਲਦੀ ਸੀ ਹੁਣ ਉਹੀ ਇੱਟ ਦਾ ਭਾਅ ਵੱਧ ਕੇ 8 ਤੋਂ 9 ਹਜ਼ਾਰ ਰੁਪਏ ਪ੍ਰਤੀ ਹਜ਼ਾਰ ਤੱਕ ਪੁੱਜ ਚੁੱਕਾ ਹੈ | ਜਿਸ ਕਾਰਨ ਆਮ ਲੋਕਾਂ ਵਲੋਂ ਘਰਾਂ ਆਦਿ ਦੀਆਂ ਉਸਾਰੀਆਂ ਰੋਕ ਦਿੱਤੀਆਂ ਹਨ, ਜਿਸਦਾ ਅਸਰ ਮਜ਼ਦੂਰ ਵਰਗ 'ਤੇ ਪਿਆ ਹੈ, ਉਸਾਰੀ ਦੇ ਕੰਮ ਰੁਕ ਜਾਣ ਕਾਰਨ ਮਿਸਤਰੀ ਅਤੇ ਮਜ਼ਦੂਰ ਵੀ ਵਿਹਲੇ ਹੋ ਰਹੇ ਹਨ, ਜਿੰਨ੍ਹਾਂ ਲਈ ਘਰਾਂ ਦੇ ਗੁਜਾਰੇ ਕਰਨੇ ਔਖੇ ਹੋ ਗਏ ਹਨ | ਪਿੰਡ ਕਾਉਂਕੇ ਕਲਾਂ ਵਿਖੇ ਸਥਿਤ ਰਾਜੂ ਭੱਠੇ ਵਾਲਿਆਂ ਦੇ ਮੁਨੀਮ ਗੁਲਸ਼ਨ ਕੁਮਾਰ ਨੇ ਦੱਸਿਆ ਕਿ ਪਹਿਲਾਂ ਕੋਲਾ 10 ਹਜ਼ਾਰ ਤੋਂ 11 ਹਜ਼ਾਰ ਰੁਪਏ ਪ੍ਰਤੀ ਟਨ ਮਿਲਦਾ ਸੀ ਤੇ ਹੁਣ ਕੋਲਾਂ 20 ਹਜ਼ਾਰ ਰੁਪਏ ਦੇ ਕਰੀਬ ਪ੍ਰਤੀ ਟਨ ਪਹੁੰਚ ਗਿਆ |
ਉਨ੍ਹਾਂ ਦੱਸਿਆ ਕਿ ਚੱਲਦੇ ਯੁੱਧ ਕਾਰਨ ਕਈ-ਕਈ ਦਿਨ ਕੋਲਾਂ ਮਿਲਦਾ ਹੀ ਨਹੀਂ ਜਿਸ ਕਾਰਨ ਇੱਟਾਂ ਦੇ ਭਾਅ ਵਿਚ ਵਾਧਾ ਹੋਇਆ ਹੈ | ਉਨ੍ਹਾ ਦੱਸਿਆ ਕਿ ਜਦੋਂ ਕੋਲੇ ਦੇ ਭਾਅ ਘਟ ਜਾਣਗੇ ਉਦੋਂ ਹੀ ਇੱਟਾਂ ਦੇ ਭਾਅ ਵੀ ਘਟਾ ਦਿੱਤੇ ਜਾਣਗੇ | ਨੇੜਲੇ ਪਿੰਡ ਡਾਂਗੀਆਂ ਦੇ ਸਾਬਕਾ ਸਰਪੰਚ ਦਰਸ਼ਨ ਸਿੰਘ ਬਿੱਲੂ ਨੇ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਇਸ ਸਮੱਸਿਆ ਦਾ ਫੌਰੀ ਹੱਲ ਕਰੇ ਤਾਂ ਜੋ ਲੋਕਾਂ 'ਤੇ ਪੈ ਰਹੇ ਬੇਲੋੜੇ ਬੋਝ ਤੋਂ ਉਨ੍ਹਾਂ ਨੂੰ ਰਾਹਤ ਮਿਲ ਸਕੇ |