ਸਿੱਧਵਾਂ ਬੇਟ, 3 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਬੇਟ ਇਲਾਕੇ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਦੇ ਗ੍ਰਹਿ ਵਿਖੇ ਗੱਲਬਾਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਤੇ ਵਿਧਾਨ ਸਭਾ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਨੇ ਆਖਿਆ ਕਿ ਸੂਬੇ ਅੰਦਰ ਦਿਨ-ਬ-ਦਿਨ ਵਿਗੜ ਰਹੇ ਹਾਲਾਤਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅੱਜ ਹਰ ਫਰੰਟ 'ਤੇ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋ ਗਈ ਹੈ | ਸੂਬੇ ਦੇ ਲੋਕ ਸਰਕਾਰ ਦੀ ਕਾਰਗੁਜਾਰੀ ਨੂੰ ਲੈ ਕੇ ਤੋਬਾ-ਤੋਬਾ ਕਰ ਰਹੇ ਹਨ | ਉਨਾਂ ਆਖਿਆ ਕਿ ਜਿੱਥੇ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨ ਆਪਣੀ ਨਸ਼ਿਆਂ ਦੀ ਲੱਤ ਨੂੰ ਪੂਰਿਆਂ ਕਰਨ ਲਈ ਰੋਜ਼ਾਨਾ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ਉੱਥੇ ਮਾਵਾਂ ਦੇ ਕਈ ਪੁੱਤਰ ਇੰਨ੍ਹਾਂ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਆਪਣੀਆਂ ਕੀਮਤੀ ਜਾਨਾਂ ਗਵਾ ਰਹੇ ਹਨ | ਉਨ੍ਹਾਂ ਆਖਿਆ ਕਿ ਸੂਬੇ ਦੇ ਹਰ ਕੋਨੇ ਵਿਚ ਹੋ ਰਹੇ ਕਤਲਾਂ ਨੇ ਵੀ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਪਰ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਹੋਰ ਸੂਬਿਆਂ ਵਿਚ ਘੁੰਮ ਰਹੇ ਹਨ ਅਤੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਫਿਕਰ ਹੀ ਨਹੀਂ ਹੈ | ਉਨ੍ਹਾਂ ਆਖਿਆ ਕਿ ਸੂਬੇ ਦਾ ਹਰ ਵਰਗ ਸਰਕਾਰ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਿਹਾ ਹੈ | ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਨਿੱਤ ਦਿਨ ਧਰਨੇ ਲਗਾ ਰਹੇ ਹਨ | ਮੁਲਾਜ਼ਮ ਵਰਗ ਵੀ ਉਨ੍ਹਾਂ ਨੂੰ ਪਿਛਲੇ ਤਿੰਨ ਸਾਲਾਂ ਤੋਂ ਡੀ.ਏ. ਦੀ ਕਿਸ਼ਤ ਨਾ ਦੇਣ 'ਤੇ ਸਰਕਾਰ ਤੋਂ ਨਿਰਾਸ਼ ਹੈ | ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਇਹ ਤਾਂ ਆਖ ਰਹੇ ਹਨ ਕਿ ਪੰਚਾਇਤਾਂ ਕੋਲ ਕਰੋੜਾਂ ਦੀਆਂ ਗ੍ਰਾਂਟਾਂ ਪਈਆਂ ਹਨ ਪਰ ਉਨ੍ਹਾਂ ਨੂੰ ਕੰਮ ਕਰਨ ਲਈ ਮਿਸਤਰੀ ਨਹੀਂ ਲੱਭ ਰਹੇ ਪਰ ਬੇਟ ਇਲਾਕੇ ਦੇ ਸਰਪੰਚ ਤਾਂ ਸੂਬਾ ਸਰਕਾਰ ਵਲੋਂ ਮਿਲਣ ਵਾਲੀ ਗ੍ਰਾਂਟ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ | ਕੈਪਟਨ ਸੰਧੂ ਨੇ ਇਹ ਵੀ ਦਾਅਵਾ ਕੀਤਾ ਕਿ ਸਾਡੀ ਪਿਛਲੀ ਸਰਕਾਰ ਨੇ ਆਖਰੀ ਮਹੀਨਿਆਂ ਵਿਚ ਬੇਟ ਇਲਾਕੇ ਦਾ ਵਿਕਾਸ ਕੀਤਾ ਉਹ ਅਜੇ ਵੀ ਬੋਲ ਰਿਹਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ, ਬਲਾਕ ਕਾਂਗਰਸ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਡਾਇ. ਹਰਸ਼ਦੀਪ ਸਿੱਧਵਾਂ, ਰਿਟਾ. ਪਟਵਾਰੀ ਰਵਿੰਦਰ ਕੁਮਾਰ, ਗੁਰਪਰਤਾਪ ਸਿੰਘ ਅਤੇ ਪੁਨੀਤ ਸਿੱਧਵਾਂ ਨੇ ਵੀ ਆਉਣ ਵਾਲੇ ਸਮੇਂ ਵਿਚ ਕੈਪਟਨ ਸੰਧੂ ਦਾ ਸਾਥ ਦੇ ਕੇ ਉਨ੍ਹਾਂ ਨੂੰ ਵਿਧਾਨ ਸਭਾ ਵਿਚ ਭੇਜਣ ਦੀ ਗੱਲ ਕਹੀ |