ਰਾਏਕੋਟ, 3 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਜੀ.ਏ.ਡੀ. ਇੰਟਰਨੈਸ਼ਨਲ ਸਕੂਲ ਝੋਰੜਾਂ ਵਿਖੇ 'ਮਾਪੇ ਓਰੀਐਂਟੇਸ਼ਨ' ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਨਰਸਰੀ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਆਪਣੀ ਹਾਜ਼ਰੀ ਲਗਵਾਈ | ਇਸ ਪ੍ਰੋਗਰਾਮ ਦੌਰਾਨ ਸਕੂਲ ਦੇ ਚੇਅਰਮੈਨ ਜੰਗ ਸਿੰਘ ਮਾਨ, ਵਾਈਸ ਚੇਅਰਮੈਨ ਸਰਬਜੀਤ ਸਿੰਘ ਮਾਨ, ਸਕੂਲ ਪਿ੍ੰਸੀਪਲ ਜੋਤੀ ਦੇਵਗਨ ਮਲਹੋਤਰਾ, ਵਾਈਸ ਪਿ੍ੰਸੀਪਲ ਰਾਜਿੰਦਰ ਕੌਰ ਮਾਨ ਅਤੇ ਮੁੱਖ ਮਹਿਮਾਨ ਸਤਨਾਮ ਸਿੰਘ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਪਿ੍ੰਸੀਪਲ ਜੋਤੀ ਦੇਵਗਨ ਮਲਹੋਤਰਾ ਨੇ ਆਪਣੇ ਭਾਸ਼ਣ ਦੌਰਾਨ ਸਕੂਲ ਦੇ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਅਤੇ ਸਕੂਲ ਵਿਚ ਬੱਚਿਆਂ ਦੇ ਉੱਜਵਲ ਭਵਿੱਖ ਲਈ ਅਪਣਾਈਆਂ ਜਾਣ ਵਾਲੀਆਂ ਨਵੀਆਂ ਤਕਨੀਕਾਂ ਬਾਰੇ ਮਾਪਿਆਂ ਨੂੰ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਬੱਚਿਆਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ (ਏ.ਆਈ) ਬਾਰੇ ਜਾਣੂੰ ਕਰਵਾਇਆ | ਪ੍ਰੋਗਰਾਮ ਦੌਰਾਨ ਮੈਡਮ ਗੁਰਪ੍ਰੀਤ ਕੌਰ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਅਤੇ ਬੱਚਿਆਂ ਦੀ ਪੜ੍ਹਾਈ ਪ੍ਰਤੀ ਰੁਚੀ ਬਾਰੇ ਉਨ੍ਹਾਂ ਨੂੰ ਦੱਸਿਆ ਗਿਆ | ਇਸ ਮੌਕੇ ਮੈਡਮ ਸਿਮਰਨਜੀਤ ਕੌਰ ਨੇ ਸੰਬੋਧਨ ਕਰਦਿਆਂ ਆਖਿਆ ਕਿ ਦਸਵੀਂ ਜਮਾਤ ਤੋਂ ਬਾਅਦ ਸਹੀ ਤੇ ਰੌਚਿਕ ਕੋਰਸ ਚੁਣਨਾ ਬੱਚਿਆਂ ਦੇ ਭਵਿੱਖ ਲਈ ਬੜਾ ਜ਼ਰੂਰੀ ਹੈ, ਇਸ ਲਈ ਉਨ੍ਹਾਂ ਬੱਚਿਆਂ ਲਈ ਉੱਚਿਤ ਕੋਰਸਾਂ ਬਾਰੇ ਆਪਣੇ ਸੁਝਾਅ ਦਿੱਤੇ | ਇਸ ਸਮੇਂ ਸਕੂਲ ਦੇ ਚੇਅਰਮੈਨ ਜੰਗ ਸਿੰਘ ਮਾਨ ਨੇ ਸਕੂਲ ਪੁੱਜੇ ਸਮੂਹ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਅੱਗੇ ਲਈ ਵੀ ਉਨ੍ਹਾਂ ਨੂੰ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ | ਇਸ ਮੌਕੇ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ |