ਲੋਕ ਮੁੱਦੇ ਉਠਾਉਣ ਵਾਲੇ ਰਾਘਵ ਚੱਢਾ ਦੀ ਆਵਾਜ਼ ਨੂੰ ਦਬਾਉਣਾ ਅਤਿ ਨਿੰਦਣਯੋਗ-ਪ੍ਰਧਾਨ ਪੁੜੈਣ
ਅਜੀਤ ਡੈਸਕ
04-04-2026
ਹੰਬੜਾਂ, 3 ਅਪ੍ਰੈਲ (ਹਰਵਿੰਦਰ ਸਿੰਘ ਮੱਕੜ)-ਆਮ ਆਦਮੀ ਪਾਰਟੀ ਦਾ ਚਿਹਰਾ ਅੱਜ ਖੁਲ੍ਹੇਆਮ ਉਦੋਂ ਬੇਨਕਾਬ ਹੋ ਗਿਆ ਜਦੋਂ ਆਮ ਲੋਕਾਂ ਦੇ ਜਾਇਜ਼ ਤੇ ਜ਼ਰੂਰੀ ਮੁੱਦੇ ਸੰਸਦ ਵਿਚ ਜ਼ੋਰਦਾਰ ਆਵਾਜ਼ ਨਾਲ ਉਠਾਉਣ ਵਾਲੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਬੁਲੰਦ ਆਵਾਜ਼ ਨੂੰ ਦਬਾਉਣ ਲਈ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਵਿਰੋਧੀ ਧਿਰਾਂ ਤੇ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤਦਿਆਂ ਡਿਪਟੀ ਲੀਡਰ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ, ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਵ: ਨਾਹਰ ਸਿੰਘ ਥਿੰਦ ਸਪੋਰਟਸ ਕਲੱਬ ਦੇ ਪ੍ਰਧਾਨ ਅਤੇ ਸਮਾਜ ਸੇਵੀ ਗੁਰਮੀਤ ਸਿੰਘ ਪੁੜੈਣ ਨੇ ਪੁੜੈਣ ਵਿਖੇ ਮੀਟਿੰਗ ਦੌਰਾਨ ਕਿਹਾ ਕਿ ਦੇਸ਼ ਵਿਚ ਏਅਰਪੋਰਟ 'ਤੇ ਖਾਣ-ਪੀਣ ਵਾਲੀਆਂ ਚੀਜ਼ਾਂ ਉੱਪਰ ਹੋਣ ਵਾਲੀ ਅੰਨ੍ਹੀ ਲੁੱਟ ਖਿਲਾਫ਼ ਸੰਸਦ ਵਿਚ ਬੋਲ ਕੇ ਰਾਘਵ ਚੱਢਾ ਨੇ ਜਨਤਾ ਦਾ ਸ਼ੋਸ਼ਣ ਹੋਣੋ ਬੰਦ ਕਰਵਾਇਆ | ਪ੍ਰਾਈਵੇਟ ਮੋਬਾਈਲ ਕੰਪਨੀਆਂ ਵਲੋਂ ਡਾਟਾ ਅਧਾਰਿਤ ਕੀਤੀ ਜਾ ਰਹੀ ਲੁੱਟ, ਡਲਿਵਰੀ ਬੁਆਏ ਦੇ ਸੋਸ਼ਣ ਸੰਬੰਧੀ, ਕੰਪਨੀਆਂ ਵਲੋਂ ਡੱਬਾ ਬੰਦ ਸ਼ੂਗਰ ਫਰੂਟ ਜੂਸ ਦਾ ਨਾਮ ਵਰਤ ਕੇ ਵੇਚਣ ਸਬੰਧੀ ਵਰਗੇ ਦਰਜਨਾਂ ਲੋਕ ਮੁੱਦੇ ਰਾਘਵ ਚੱਢਾ ਵਲੋਂ ਲੋਕ ਹਿਤ ਲਈ ਉਠਾਏ ਗਏ ਸਨ ਜੋ ਕਾਰਪੋਰੇਟ ਘਰਾਣਿਆਂ ਨੂੰ ਅੰਦਰੋਂ-ਅੰਦਰ ਬਹੁਤ ਜ਼ਿਆਦਾ ਚੁੱਭ ਰਹੇ ਸਨ | ਕਾਰਪੋਰਟ ਘਰਾਣਿਆਂ ਦੇ ਹੱਕ ਵਿਚ ਭੁਗਤਦਿਆਂ ਕਨਵੀਨਰ ਕੇਜਰੀਵਾਲ ਵਲੋਂ ਰਾਘਵ ਚੱਢਾ ਤੇ ਆਮ ਜਨਤਾ ਦੀ ਆਵਾਜ਼ ਦੀ ਬਲੀ ਦਿੱਤੀ ਗਈ ਹੈ |
ਇਸ ਸਮੇਂ ਦਰਸ਼ਨ ਸਿੰਘ ਥਿੰਦ, ਨੰਬਰਦਾਰ ਗੁਰਮੀਤ ਸਿੰਘ, ਪ੍ਰਧਾਨ ਸੰਦੀਪ ਸਿੰਘ ਸੀਪਾ, ਸੁਖਵਿੰਦਰ ਸਿੰਘ, ਰਾਮ ਸਿੰਘ, ਮਨਜਿੰਦਰ ਸਿੰਘ, ਸ਼ਲਿੰਦਰ ਸਿੰਘ, ਸੇਵਾਦਾਰ ਜੱਗਾ ਸਿੰਘ, ਭੁਪਿੰਦਰ ਸਿੰਘ ਭਿੰਦੀ, ਡਾ. ਜਗਦੀਪ ਸਿੰਘ, ਜਗਜੋਤ ਸਿੰਘ ਤੇ ਹੋਰ ਹਾਜ਼ਰ ਸਨ |