ਹੰਬੜਾਂ, 4 ਅਪ੍ਰੈਲ (ਮੇਜਰ ਹੰਬੜਾਂ)-ਪਾਵਰਕਾਮ ਵਿਭਾਗ ਦੇ ਅੱਡਾ ਦਾਖਾ ਐਕਸੀਅਨ ਸ੍ਰੀ ਰਵੀ ਕੁਮਾਰ ਚੋਪੜਾ ਅਤੇ ਪਾਵਰਕਾਮ ਦਫ਼ਤਰ ਹੰਬੜਾਂ ਦੇ ਐੱਸ.ਡੀ.ਓ. ਅਮਨਦੀਪ ਸਿੰਘ ਪੰਧੇਰ ਨੇ ਕਿਸਾਨਾਂ ਨੂੰ ਪੱਕ ਚੁੱਕੀ ਕਣਕ ਦੀ ਫ਼ਸਲ ਨੂੰ ਅੱਗ ਵਰਗੇ ਖਤਰੇ ਤੋਂ ਬਚਾਉਣ ਲਈ ਬਿਜਲੀ ਦੇ ਟ੍ਰਾਂਸਫਾਰਮਰ ਦੇ ਹੇਠੋਂ ਕਣਕ ਦੀ ਕਟਾਈ ਕਰਨ ਨੂੰ ਯਕੀਨੀ ਬਣਾਉਣ ਦੀ ਅਪੀਲ ਕੀਤੀ ਤੇ ਕਿਹਾ ਕਿ ਕਿਸਾਨ ਵੀਰ ਖੇਤਾਂ 'ਚ ਲੱਗੇ ਬਿਜਲੀ ਟ੍ਰਾਂਸਫਾਰਮਰ ਨੇੜਿਉਂ ਘਾਹ-ਫੂਸ ਨੂੰ ਹਟਾਕੇ ਸਫ਼ਾਈ ਰੱਖਣ ਤਾਂ ਜੋ ਕਿਸੇ ਪੰਛੀ, ਪਰਿੰਦੇ ਕਾਰਨ ਤਾਰਾਂ ਤੋਂ ਕੋਈ ਚੰਗਿਆੜੀ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਾ ਕਰ ਸਕੇ | ਐਕਸੀਅਨ ਰਵੀ ਕੁਮਾਰ ਨੇ ਕਿਹਾ ਕਿ ਪਾਵਰਕਾਮ ਮਹਿਕਮਾਂ ਭਾਵੇ ਕਿ ਹਮੇਸ਼ਾਂ ਹੀ ਢਿੱਲੀਆਂ ਤਾਰਾਂ ਜਾਂ ਸਪਾਰਕ ਕੱਢਣ ਵਾਲੇ ਟ੍ਰਾਂਸਫਾਰਮਰਾਂ ਨੂੰ ਬਦਲ ਦਿੰਦਾ ਹੈ, ਪਰ ਫਿਰ ਵੀ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਜਲੀ ਦੀਆਂ ਢਿੱਲੀਆਂ ਤਾਰਾਂ ਪ੍ਰਤੀ ਖਿਆਲ ਰੱਖਣ ਤੇ ਤੁਰੰਤ ਸਾਡੇ ਧਿਆਨ 'ਚ ਲਿਉਣ ਤਾਂ ਜੋ ਉਸ ਦਾ ਹੱਲ ਕੀਤਾ ਜਾ ਸਕੇ | ਐਕਸੀਅਨ ਚੋਪੜਾ ਨੇ ਬਿਜਲੀ ਕਰਮਚਾਰੀਆਂ ਨੂੰ ਵੀ ਹਰ ਸਮੇਂ ਖੇਤਾਂ ਵਾਲੀ ਬਿਜਲੀ ਸਪਲਾਈ ਚਲਾਉਣ ਸਮੇਂ ਖਾਸ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਤੇ ਕਿਹਾ ਕਿ ਜਿੱਥੇ ਕਿਤੇ ਵੀ ਲੱਗਦਾ ਹੈ ਕਿ ਟ੍ਰਾਂਸਫਾਰਮਰ ਜਾਂ ਬਿਜਲੀ ਤਰ੍ਹਾਂ 'ਚ ਸਪਾਰਕ ਹੋ ਰਹੀ ਹੈ ਤਾਂ ਉਹ ਤੁਰੰਤ ਬਿਜਲੀ ਸਪਲਾਈ ਨੂੰ ਬੰਦ ਕਰਨ ਤੇ ਨੁਕਸ ਨੂੰ ਦੂਰ ਕਰਨ ਕਿਉਂਕਿ ਹਾੜੀ ਦਾ ਸੀਜਨ ਹੋਣ ਕਰਕੇ ਕਣਕ ਦੀ ਫ਼ਸਲ ਪੱਕ ਚੁੱਕੀ ਹੈ ਤੇ ਹਰ ਇਕ ਦਾ ਫਰਜ਼ ਬਣਦਾ ਹੈ ਕਿ ਅਸੀਂ ਕਣਕ ਦੇ ਖੇਤਾਂ ਦਾ ਕੁਝ ਸਮੇਂ ਲਈ ਧਿਆਨ ਜ਼ਰੂਰ ਰੱਖੀਏ |