ਰਾਏਕੋਟ, 6 ਅਪ੍ਰੈਲ (ਸੁਸ਼ੀਲ)-ਸਥਾਨਕ ਸ਼ਹਿਰ ਦੇ ਸਰਾਫਾਂ ਬਜ਼ਾਰ ਵਿਚ ਸਥਿੱਤ ਇਕ ਸੋਨੇ ਦੀ ਸੁਧਾਈ ਕਰਨ ਵਾਲੇ ਪ੍ਰਵਾਸੀ ਕਾਰੀਗਰ ਵਲੋਂ ਬਜ਼ਾਰ ਦੇ ਕਈ ਸਰਾਫਾਂ ਨੂੰ ਮੋਟਾ ਚੂਨਾ ਲਗਾ ਕੇ ਫੁਰਰ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਮੁਤਾਬਕ ਪੋਪਟ ਰਾਮ ਨਾਮਕ ਇਕ ਪ੍ਰਵਾਸੀ ਕਾਰੀਗਰ ਆਪਣੇ ਪੁੱਤਰ ਪਵਨ ਕੁਮਾਰ ਨਾਲ ਸ਼ਹਿਰ ਦੇ ਕੁਤਬਾ ਬਜ਼ਾਰ ਵਿਚ ਇਕ ਚੁਬਾਰੇ ਵਿਚ ਪਿਛਲੇ ਲੰਬੇ ਸਮੇਂ ਤੋਂ ਸੋਨੇ ਦੀ ਸੁਧਾਈ ਦਾ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦਾ ਪਰਿਵਾਰ ਵੀ ਰਾਏਕੋਟ ਸ਼ਹਿਰ ਵਿੱਚ ਆਪਣਾ ਘਰ ਲੈ ਕੇ ਪੱਕਾ ਵਸਨੀਕ ਬਣ ਚੁੱਕਾ ਸੀ, ਪਰ ਕੁਝ ਸਮਾਂ ਪਹਿਲਾਂ ਉਕਤ ਕਾਰੀਗਰ ਬਿਨ੍ਹਾਂ ਕਿਸੇ ਨੂੰ ਦੱਸੇ ਰਾਤੋ-ਰਾਤ ਪਰਿਵਾਰ ਸਮੇਤ ਰਫ਼ੂ ਚੱਕਰ ਹੋ ਗਿਆ ਹੈ, ਮਾਮਲੇ ਦੀ ਘੋਖ ਕਰਨ ਦੇ ਪਤਾ ਲੱਗਾ ਹੈ ਕਿ ਉਕਤ ਕਾਰੀਗਰ ਰਾਏਕੋਟ ਦੇ ਕਈ ਸਰਾਫਾਂ ਦਾ ਸੋਨਾ ਵੀ ਲੈ ਗਿਆ ਹੈ, ਜਿਸਦਾ ਮੁੱਲ ਕਰੋੜਾਂ ਵਿੱਚ ਹੋਣ ਦੀਆਂ ਕਨਸੋਆਂ ਚੱਲ ਰਹੀਆਂ ਹਨ, ਇਸ ਤੋਂ ਇਲਾਵਾ ਪਹਿਲਾਂ ਵੀ ਉਹ ਮਾਰਕੀਟ ਸੁਨਿਆਰਿਆਂ ਦਾ ਦੇਣਦਾਰ ਸੀ | ਇਸ ਸਬੰਧੀ ਪੀੜਤ ਸਰਾਫ਼ਾਂ ਵਲੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਸ ਦੇ ਮਹਾਂਰਾਸ਼ਟਰ ਸਥਿੱਤ ਪਿੰਡ ਵਾਲੇ ਘਰ ਤੱਕ ਵੀ ਪਹੁੰਚ ਬਣਾਈ ਹੈ, ਪਰ ਹੁਣ ਤੱਕ ਸਫਲਤਾ ਹੱਥ ਨਹੀ ਲੱਗੀ ਹੈ | ਮਿਲੀ ਜਾਣਕਾਰੀ ਅਨੁਸਾਰ ਪੀੜਤ ਸਰਾਫਾਂ ਨੇ ਇਸ ਮਾਮਲੇ ਵਿੱਚ ਰਾਏਕੋਟ ਸਿਟੀ ਥਾਣੇ ਦੇ ਐਸ.ਐਚ.ਓ ਨਾਲ ਵੀ ਰਾਬਤਾ ਕਾਇਮ ਕੀਤਾ ਅਤੇ ਸਾਰੀ ਕਹਾਣੀ ਵੀ ਦੱਸੀ ਹੈ ਪ੍ਰੰਤੂ ਥਾਣੇ ਵਿੱਚ ਇਸ ਸਬੰਧੀ ਕੋਈ ਦਰਖਾਸਤ ਹੁਣ ਤੱਕ ਨਹੀ ਦਿੱਤੀ ਗਈ ਹੈ | ਪਤਾ ਲੱਗਾ ਹੈ ਕਿ ਮਹਾਂਰਾਸ਼ਟਰ ਦਾ ਇਹ ਕਾਰੀਗਰ ਪਰਿਵਾਰ ਪਿਛਲੇ ਲਗਪਗ ਪੰਜਾਹ ਸਾਲਾਂ ਤੋਂ ਰਾਏਕੋਟ 'ਚ ਸੋਨੇ ਦੀ ਸੁਧਾਈ ਦਾ ਕੰਮ ਕਰ ਰਿਹਾ ਸੀ ਅਤੇ ਮਾਰਕੀਟ ਵਿੱਚ ਉਸ ਦੀ ਕਾਫ਼ੀ ਪੜਤ ਵੀ ਬਣ ਚੁੱਕੀ ਸੀ, ਜਿਸ ਦੇ ਕਾਰਨ ਸ਼ਹਿਰ ਦੇ ਜ਼ਿਆਦਾਤਰ ਸਰਾਫ ਉਸ ਕੋਲੋਂ ਹੀ ਸੋਨੇ ਦੀ ਸੁਧਾਈ ਕਰਵਾਉਂਦੇ ਸਨ, ਇਹ ਵੀ ਪਤਾ ਲੱਗਾ ਹੈ ਕਿ ਉਕਤ ਕਾਰੀਗਰ ਆਰਥਿਕ ਤੌਰ 'ਤੇ ਕਾਫੀ ਕਮਜ਼ੋਰ ਹੋ ਚੁੱਕਾ ਸੀ, ਜਿਸ ਦੇ ਚੱਲਦਿਆਂ ਉਹ ਰਾਤੋ ਰਾਤ ਪਰਿਵਾਰ ਸਮੇਤ ਕਈ ਸੁਨਿਆਰਿਆਂ ਦਾ ਸੋਨਾ ਲੈ ਕੇ ਉਡਾਰੀ ਮਾਰ ਗਿਆ |