ਚੌਂਕੀਮਾਨ, 6 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਸੰਸਥਾ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਜੀ ਦੁਆਰਾ ਆਰੰਭ ਕੀਤੇ ਪਵਿੱਤਰ ਇਤਿਹਾਸਕ ਤਿਉਹਾਰ 'ਵਿਸਾਖੀ' ਨਾਲ ਸਬੰਧਿਤ ਪ੍ਰੋਗਰਾਮ ਰਾਹੀਂ ਉਚੇਚੇ ਤੌਰ 'ਤੇ ਜਸ਼ਨ ਮਨਾਇਆ ਜਾ ਰਿਹਾ ਹੈ | ਕਾਲਜ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਦਸਮੇਸ਼ ਪਾਤਿਸ਼ਾਹ ਜੀ ਵਲੋਂ ਸਿੱਖ ਧਰਮ ਦੀ ਪ੍ਰਫੁੱਲਿਤਾ, ਯੁੱਧ ਕਲਾ ਤੇ ਸ਼ਸਤਰ ਵਿੱਦਿਆ ਵਿਚ ਪ੍ਰਪੱਕਤਾ ਲਈ ਚਲਾਈ ਮੁਹਿੰਮ ਦੇ ਤਹਿਤ ਕਾਲਜ ਵਿੱਚ ਤਿੰਨ ਰੋਜ਼ਾ ਵਿਸਾਖੀ ਮੇਲੇ ਦੇ ਜਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ | ਇਹ ਤਿੰਨ ਰੋਜ਼ਾ ਸਮਾਗਮ ਮਿਤੀ 15 ਅਪ੍ਰੈਲ ਤੋਂ 17 ਅਪ੍ਰੈਲ 2026 ਤੱਕ ਆਯੋਜਿਤ ਕੀਤਾ ਜਾ ਰਿਹਾ ਹੈ | 15 ਅਪ੍ਰੈਲ ਨੂੰ ਵਿਸਾਖੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਜਾਣਗੇ ਅਤੇ ਨਾਮਵਰ ਸੰਸਥਾਵਾਂ ਵੱਲੋਂ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ | ਇਸੇ ਤਰ੍ਹਾਂ 16 ਅਤੇ 17 ਅਪ੍ਰੈਲ ਨੂੰ 'ਗੱਤਕਾ' ਦੀ ਸਿਖਲਾਈ ਲਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਹੈ | ਜਿਸ ਵਿਚ ਵਿਦਿਆਰਥਣਾਂ ਨੂੰ ਗੱਤਕਾ ਦੀ ਸਿਖਲਾਈ, ਰਾਸ਼ਟਰੀ ਪੱਧਰ ਦੇ ਮਾਹਿਰਾਂ ਦੁਆਰਾ ਦਿੱਤੀ ਜਾਵੇਗੀ | ਜ਼ਿਕਰਯੋਗ ਹੈ ਕਿ ਇਸ ਦਿਨ ਉੱਘੇ ਫ਼ਿਲਮੀ ਅਦਾਕਾਰ ਤੇ ਨਿਰਦੇਸ਼ਕ ਪਦਮ ਸ੍ਰੀ ਨਿਰਮਲ ਰਿਸ਼ੀ ਅਤੇ ਡਾ. ਸ਼ਿਵਰੂਪ ਕੌਰ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ ਅਤੇ ਵਿਦਿਆਰਥਣਾਂ ਨਾਲ ਆਪਣੇ ਸੰਘਰਸ਼ਮਈ ਜੀਵਨ ਦੇ ਤਜਰਬੇ ਸਾਂਝੇ ਕਰਨਗੇ | ਇਸ ਦਿਨ ਵਿਦਿਆਰਥਣਾਂ ਨੂੰ ਕਿੱਤਾ ਮੁਖੀ ਸਿਖਲਾਈ ਹਿੱਤ ਵਿਭਿੰਨ ਪ੍ਰਕਾਰ ਦੇ ਖਾਦ ਪਦਾਰਥਾਂ ਅਤੇ ਖਰੀਦੋ-ਫਰੋਖਤ ਦੀਆਂ ਵਸਤਾਂ ਦੇ ਸਟਾਲ ਲਗਾ ਕੇ ਆਮਦਨੀ ਪ੍ਰਾਪਤੀ ਦੇ ਵਸੀਲਿਆਂ ਵਿੱਚ ਮੁਹਾਰਤ ਵੀ ਕਰਵਾਈ ਜਾਵੇਗੀ | ਕਾਲਜ ਦਾ ਸਟਾਫ਼ ਅਤੇ ਵਿਦਿਆਰਥਣਾਂ ਭਾਰੀ ਉਤਸ਼ਾਹ ਨਾਲ ਇਸ ਜਸ਼ਨ ਦੇ ਆਗਾਜ਼ ਲਈ ਵਿਸ਼ੇਸ਼ ਤੌਰ ਤੇ ਉਪਰਾਲੇ ਕਰ ਰਹੇ ਹਨ |