ਪੱਖੋਵਾਲ/ਸਰਾਭਾ, 8 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਸਥਾਨਕ ਕਸਬਾ ਸਰਾਭਾ 'ਚ ਬਣ ਰਹੇ ਲੁਧਿਆਣਾ ਬਠਿੰਡਾਂ ਹਾਈਵੇਅ ਪ੍ਰੋਜੈਕਟ ਸੰਬਧੀ ਕਿਸਾਨਾਂ ਦੀਆ ਹੱਕੀ ਮੰਗਾਂ ਲਈ ਪੀੜਤ ਕਿਸਾਨ ਕਮੇਟੀ ਦੀ ਅਹਿਮ ਮੀਟਿੰਗ ਅੱਜ ਟਰਾਂਪੋਟਰ ਅਮਰ ਸਿੰਘ ਦੇ ਫਾਰਮ ਹਾਊਸ ਤੇ ਹੋਈ | ਜਿਸ ਦੌਰਾਨ ਕਿਸਾਨਾਂ ਵਲੋਂ ਇਸ ਪ੍ਰੋਜੈਕਟ ਦੇ ਬਣਨ ਨਾਲ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਮੰਗ ਪੱਤਰ ਇੰਜੀਨੀਅਰ ਡੇਵਿਡ ਨੂੰ ਸੌਂਪਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆ ਸ: ਅਮਰ ਸਿੰਘ, ਸਤਿੰਦਰਪਾਲ ਸਿੰਘ ਨੇ ਦੱੱਸਿਆ ਕਿ ਇਸ ਪ੍ਰੋਜੈਕਟ ਨੂੰ ਸੁਰੂ ਕਰਨ ਸਮੇਂ ਐੱਨ.ਐੱਚ.ਏ. ਆਈ ਦੇ ਉੱਚ ਅਧਿਕਾਰੀਆਂ ਤੇ ਐੱਸ.ਡੀ.ਐੱਮ ਰਾਏਕੋਟ ਸਮੇਤ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆ ਨੇ ਮੌਕੇ 'ਤੇ ਪੁੱਜ ਕੇ ਸਮੂਹ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਇਸ ਪ੍ਰੋਜੈਕਟ ਨੂੰ ਨਿਰਵਿਘਨ ਪੂਰਾ ਕਰਨ ਦੇਣ ਜਦਕਿ ਪ੍ਰਸ਼ਾਸਨ ਵਲੋਂ ਕਿਸਾਨਾਂ ਦੀਆ ਬਕਾਇਆ ਰਾਸ਼ੀ ਸਮੇਤ ਹੋਰਨਾਂ ਮੰਗਾਂ ਨੂੰ ਇਕ ਮਹੀਨੇ 'ਚ ਪੂਰਾ ਕਰਨਗੇ | ਪ੍ਰੰਤੂ ਇਸ ਪ੍ਰੋਜੈਕਟ ਨੂੰ ਸ਼ੁਰੂ ਹੋਇਆ ਛੇ ਮਹੀਨੇ ਹੋ ਗਏ ਹਨ, ਪਰ ਪਿਛਲੇ ਪੰਜ ਮਹੀਨਆਂ ਤੋਂ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਵਲੋਂ ਕਿਸਾਨਾਂ ਦੀ ਸਾਰ ਨਹੀਂ ਲਈ ਜਾ ਰਹੀ | ਕਿਸਾਨਾਂ ਨੂੰ ਬਿਜਲੀ ਕੁਨੈਕਸ਼ਨ ਤਬਦੀਲ ਕਰਨ ਲਈ ਲੋੜੀਂਦੀ ਮਸ਼ੀਨਰੀ ਤੇ ਹੋਰ ਸਾਧਨ, ਮੋਟਰ ਕੋਠੇ ਤੇ ਟਿਊਬਲ ਬੋਰਾਂ ਦੀ ਪੇਮੈਂਟ, ਦਰੱਖ਼ਤਾਂ ਸੈਫਲਾਂ ਦਾ ਹਰਜਾਨਾਂ, ਮੀਂਹਾਂ ਦੇ ਸੈਹਣ ਲਈ ਸਾਈਫਨਾਂ, ਦੋਫਾੜ ਜ਼ਮੀਨਾਂ ਲਈ ਪਾਣੀ ਲੰਘਾਉਣ ਲਈ ਪਾਈਪ ਲਾਈਨ ਪਾਉਣ, ਬਣਦਾ ਹਰਜਾਨਾਂ ਦੇਣ 'ਤੇ ਲੰਘਣ ਲਈ ਰਸਤਾ ਦੇਣ ਤੇ ਕੁਝ ਨੰਬਰਾਂ ਦੇ ਅਵਾਰਡ ਨਾ ਹੋਣ ਤੇ ਮਾਲ ਮਹਿਕਮੇ 'ਚ ਰਹਿੰਦੀਆਂ ਦਰੁਸਤੀਆਂ ਸੰਬੰਧੀ ਕੋਈ ਵੀ ਠੋਸ ਨੀਤੀ ਲਾਗੂ ਨਹੀਂ ਕੀਤੀ ਜਾ ਰਹੀ, ਸਗੋਂ ਹਰ ਵਾਰ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਜਾ ਰਹੀ ਹੈ | ਇਸ ਮੌਕੇ ਸ: ਹਰਿੰਦਰ ਸਿੰਘ ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਈ ਕਿਸਾਨਾਂ ਨੂੰ ਰਾਏਕੋਟ ਤਹਿਸੀਲ ਅਧਿਕਾਰੀਆਂ ਦੁਆਰਾ ਭਰੋਸਾ ਦਿੱਤਾ ਗਿਆ ਸੀ ਕਿ ਤੁਸੀਂ ਆਪਣੀਆ ਲਿਮਟਾਂ ਤੇ ਹੋਰ ਲੋਨ ਵਗੈਰਾਂ ਬੰਦ ਕਰਵਾ ਕੇ ਆਪਣੀ ਫਾਈਲ ਭੇਜੋ ਤੁਹਾਨੂੰ ਇੱਕ ਹਫਤੇੇ ਚ ਬਣਦੀ ਬਕਾਇਆ ਰਾਸ਼ੀ ਖਾਤੇ ਚ ਪਾ ਦਿੱਤੀ ਜਾਵੇਗੀ ਅਤੇ ਜਦਕਿ ਉਨ੍ਹਾਂ ਨੂੰ ਆਪਣੀ ਫਾਈਲ਼ ਜਮਾਂ ਕਰਵਾਈ ਨੂੰ ਲੱਗਭਗ ਸਾਡੇ ਤਿੰਨ ਮਹੀਨੇ ਬੀਤ ਚੁੱਕੇ ਹਨ, ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਇਕ ਵੀ ਦਲੀਲ ਨਹੀ ਸੁਣੀ, ਸਗੋਂ ਹਰ ਵਾਰ ਦਫ਼ਤਰ ਸੰਪਰਕ ਕਰਨ ਤੇ ਐੱਸ.ਡੀ.ਐੱਮ ਸਾਹਿਬ ਦੇ ਤਬਾਦਲਾ ਹੋਣ ਜਾਂ ਫਿਰ ਉਨ੍ਹਾਂ ਦੇ ਹਾਜ਼ਰ ਹੋਣ ਤੇ ਉਨ੍ਹਾਂ ਦੇ ਦਸਤਖ਼ਤ ਬੈਂਕ (ਖ਼ਜ਼ਾਨਾਂ) 'ਚ ਤਸਦੀਕ ਨਾ ਹੋਣ ਜਾਂ ਫਿਰ ਕਿਸੇ ਅਣ ਕਿਆਸੇ ਡਰ ਦੇ ਚੱਲਦਿਆਂ ਬਿਨਾਂ ਦੱਸੇ ਲੰਬੀ ਛੁੱਟੀ 'ਤੇ ਜਾਣ ਦੇ ਸੁਨੇਹੇ ਹੀ ਮਿਲਦੇ ਹਨ | ਜਿਸ ਦੇ ਚੱਲਦਿਆਂ ਕਿਸਾਨਾਂ ਪੱਲੇ ਨਿਰਾਸ਼ਾ ਹੀ ਪੈਂਦੀ ਹੈ ਤੇ ਉਨ੍ਹਾਂ ਕੋਲ ਸਿਰਫ਼ ਸੰਘਰਸ਼ ਦਾ ਰਾਹ ਹੀ ਬੱਚਦਾ ਹੈ | ਇਸ ਮੌਕੇ ਜੁਮਲਾ ਮਾਲਕ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਵਲੋਂ ਜੁਮਲਾ ਮਾਲਕ ਕਮੇਟੀਆਂ ਅਧੀਨ ਜ਼ਮੀਨਾਂ ਦੀ ਮਾਲਕੀ ਹੀ ਨਿਰਧਾਰਿਤ ਨਹੀਂ ਕਰ ਸਕੀ, ਜਿਸ ਕਾਰਨ ਉਨ੍ਹਾਂ ਦੀ ਪੇਮੈਂਟ ਵੀ ਪੈਂਡਿੰਗ ਹੀ ਪਈ ਹੈ | ਇਸ ਮੌਕੇ ਗੁਰਸਿਮਰਤ ਸਿੰਘ, ਬਲਵਿੰਦਰ ਸਿੰਘ, ਹਰਿੰਦਰ ਸਿੰਘ, ਉਪਿੰਦਰ ਸਿੰਘ, ਸਨੀ ਗਰੇਵਾਲ, ਆਦਿ ਨੇ ਹਾਈਵੇਅ ਅਧਿਕਾਰਟੀਆ ਨੂੰ ਆਪਣਾ ਮੰਗ ਪੱਤਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਲਦ ਹੀ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਪੱਕਾ ਧਰਨਾ ਦੇ ਕੇ ਸੰਘਰਸ਼ ਵਿੱਢਣਗੇ |