ਮੁੱਲਾਂਪੁਰ-ਦਾਖਾ, 9 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਟਕਸਾਲੀ ਹੋਣ ਦਾ ਭੁਲੇਖਾ ਪਾ ਰਿਹਾ ਬਰਜਿੰਦਰ ਸਿੰਘ ਮੱਖਣ ਬਰਾੜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਭਗੌੜਿਆਂ ਦੀ ਜੁੰਡਲੀ 'ਚ ਸ਼ਾਮਿਲ ਸੀ ਤੇ ਰਹੇਗਾ, ਤਾਂਹੀਓ ਇਕ ਸਿਰੋਪਾ ਲੈਣ ਪਿੰਡ ਬਾਦਲ ਪਹੁੰਚ ਗਿਆ, ਅਜਿਹੇ ਲੋਕ ਅਕਾਲੀ ਦਲ ਦੇ ਨਾਂਅ 'ਤੇ ਧੱਬਾ ਹਨ, ਜਿੰਨ੍ਹਾਂ ਦੀ ਬਦੌਲਤ ਸ਼੍ਰੋਮਣੀ ਅਕਾਲੀ ਦਲ ਅਕਾਸ਼ ਤੋਂ ਪਤਾਲ ਵਿਚ ਚਲਾ ਗਿਆ, ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਦੇਵ ਸਿੰਘ ਚੱਕ ਵਲੋਂ ਮੱਖਣ ਬਰਾੜ ਦੇ ਸੁਖਬੀਰ ਸਿੰਘ ਬਾਦਲ ਨਾਲ ਘਿਉ-ਖਿਚੜੀ ਹੋਣ 'ਤੇ ਕੀਤੀ | ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਬਰਜਿੰਦਰ ਸਿੰਘ ਮੱਖਣ ਬਰਾੜ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਅਕਾਲੀ ਦਲ ਵਾਰਿਸ ਪੰਜਾਬ ਦੇ' ਆਗੂ ਮਨਪ੍ਰੀਤ ਸਿੰਘ ਇਯਾਲੀ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੇ 'ਤੇ ਲੱਗਦੇ ਰਹੇ ਦੋਸ਼ਾਂ ਦੀ ਪੜਚੋਲ ਕਰਦਾ ਕਿ ਉਹ ਟਕਸਾਲੀ ਕਹਾਉਣ ਦਾ ਹੱਕਦਾਰ ਹੈ ਵੀ ਕਿ ਨਹੀਂ! ਚੱਕ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਹਸਤੀ ਨੂੰ ਚੈਲੰਜ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਸਿੱਖਾਂ ਦੀ ਆਜ਼ਾਦ ਹਸਤੀ ਮਿਟਾਉਣ ਵਾਲਿਆਂ ਨਾਲ ਹੱਥ ਮਿਲਾ ਕੇ ਪਾਰਟੀ ਦਾ ਜੋ ਘਾਣ ਕੀਤਾ, ਇਹ ਲੋਕ ਅਗਵਾਈ ਦੇ ਯੋਗ ਨਹੀਂ | ਸੁਖਦੇਵ ਸਿੰਘ ਚੱਕ ਨੇ ਕਿਹਾ ਕਿ ਬਰਜਿੰਦਰ ਸਿੰਘ ਮੱਖਣ ਬਰਾੜ ਦੇ ਪੁਰਖਿਆਂ ਨੇ ਸੱਤਾ 'ਚ ਰਹਿ ਕੇ ਆਪਣੇ ਲਈ ਪੈਸੇ ਦੀ ਪੂਰਤੀ (ਕਰੱਪਸ਼ਨ) ਕਰਕੇ ਪੰਜਾਬ ਦੇ ਅੰਨਦਾਤਾ ਨੂੰ ਨਕਲੀ ਕੀਟਨਾਸ਼ਕ ਦਵਾਈਆਂ ਵੰਡੀਆਂ ਜਿਸ ਨਾਲ ਫ਼ਸਲਾਂ ਤਬਾਹ ਹੋਈਆਂ ਅਤੇ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਚੜੀ, ਜੋ ਕਿਸਾਨ ਖੁਦਕਸ਼ੀਆਂ ਦਾ ਕਾਰਨ ਬਣੀ |