ਲੋਹਟਬੱਦੀ, 9 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਪੰਜਵੀਂ ਦਾ ਨਤੀਜਾ 100 ਫ਼ੀਸਦੀ ਰਿਹਾ ਹੈ | ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਅਤੇ ਵਾਈਸ ਪਿ੍ੰਸੀਪਲ ਹਰਕੇਵਲ ਸਿੰਘ ਨੇ ਦੱਸਿਆ ਕਿ ਬਲਵੰਤ ਸਿੰਘ ਮੌੜ, ਤੇਜਾ ਸਿੰਘ ਗਰੇਵਾਲ (ਮੈਨੇਜਿੰਗ ਡਾਇਰੈਕਟਰ), ਗੁਰਪਾਲ ਸਿੰਘ ਗਰੇਵਾਲ ਅਤੇ ਗਗਨਦੀਪ ਕੌਰ ਗਰੇਵਾਲ (ਦੋਵੇਂ ਮੁੱਖ ਪ੍ਰਬੰਧਕਾਂ) ਦੀ ਅਗਵਾਈ 'ਚ ਸਮੁੱਚੇ ਅਧਿਆਪਕਾਂ ਵਲੋਂ ਕਰਵਾਈ ਮਿਹਨਤ ਬਦੌਲਤ ਵਿਦਿਆਰਥੀ ਹਰ ਜਮਾਤ 'ਚੋਂ ਚੰਗੇ ਅੰਕ ਹਾਸਲ ਕਰਕੇ ਅੱਗੇ ਵਧ ਰਹੇ ਹਨ | ਸਕੂਲ ਪ੍ਰਬੰਧਕ ਗਗਨਦੀਪ ਕੌਰ ਗਰੇਵਾਲ ਅਤੇ ਪਿ੍ੰਸੀਪਲ ਮਨਿੰਦਰ ਕੌਰ ਸਾਹਪੁਰ ਨੇ ਵਿਦਿਆਰਥੀਆਂ ਦੀ ਪਿੱਠ ਥਾਪੜਦਿਆਂ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ | ਸਕੂਲ ਪੱਧਰ 'ਤੇ ਆਈਆਂ ਪੁਜੀਸ਼ਨਾਂ ਬਾਰੇ ਗੁਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਪੰਜਵੀਂ ਜਮਾਤ 'ਚ ਤਨਵੀਰ ਕੌਰ ਪੁੱਤਰੀ ਹਰਜੀਤ ਸਿੰਘ ਨੇ 500 'ਚੋਂ 499 ਨਾਲ ਪਹਿਲਾ, ਜੈਸਮੀਨ ਕੌਰ ਪੁੱਤਰੀ ਹਰਜੀਤ ਸਿੰਘ ਨੇ 500 'ਚੋਂ 496 ਅੰਕਾਂ ਨਾਲ ਦੂਜਾ ਅਤੇ ਕਮਲਪ੍ਰੀਤ ਗਰੇਵਾਲ ਪੁੱਤਰ ਜਗਦੀਪ ਸਿੰਘ 500 'ਚੋਂ 495 ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਪੰਜਵੀਂ ਜਮਾਤ ਦੇ ਇਮਤਿਹਾਨ 'ਚ ਬੈਠੇ ਕੁੱਲ 25 ਬੱਚਿਆਂ 'ਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਤੋਂ ਇਲਾਵਾ ਬਾਕੀ ਬੱਚੇ ਵੀ 90 ਫ਼ੀਸਦੀ ਅੰਕ ਲੈ ਕੇ ਪਾਸ ਹੋਏ | ਪਿ੍ੰਸੀਪਲ ਮਨਿੰਦਰ ਕੌਰ ਨੇ ਦੱਸਿਆ ਕਿ ਸਕੂਲ 'ਚ ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦਾਖ਼ਲੇ ਹੋ ਰਹੇ ਹਨ | ਸੰਨ 1972 ਤੋਂ ਚੱਲ ਰਹੇ ਅਦਾਰੇ ਦੇ ਪ੍ਰਬੰਧਕਾਂ ਵਲੋਂ ਸਕੂਲ 'ਚ ਸਮਾਰਟ ਕਲਾਸਾਂ 'ਚ ਵਧੀਆ ਪੜ੍ਹਾਈ ਕਰਵਾ ਕੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ | ਪੇਂਡੂ ਇਲਾਕੇ ਦੇ ਬੱਚਿਆਂ ਨੂੰ ਆਰਟਸ, ਕਾਮਰਸ ਅਤੇ ਸਾਇੰਸ ਗਰੁੱਪਾਂ ਦੀ ਸੁਵਿਧਾ ਹੈ | ਇਸ ਮੌਕੇ ਹਰਕੇਵਲ ਸਿੰਘ ਸਾਹਪੁਰ ਵਾਈਸ ਪਿ੍ੰਸੀਪਲ, ਮਲਕੀਤ ਸਿੰਘ ਅਧਿਆਪਕ, ਬਲਵਿੰਦਰ ਕੌਰ ਆਦਿ ਹਾਜ਼ਰ ਸਨ |