ਰਾਏਕੋਟ, 12 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀਆਂ ਵਿੱਚ ਵਿਕਣ ਲਈ ਆਈ ਕਣਕ ਦੀ ਫ਼ਸਲ ਵਿਚ ਸੁੰਗੜੇ ਦਾਣੇ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਕਣਕ ਦੀ ਫ਼ਸਲ ਖਰੀਦਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ, ਕਿਉਂਕਿ ਮਾਰਚ ਮਹੀਨੇ ਵਿਚ ਸਮੇਂ ਤੋਂ ਪਹਿਲਾਂ ਵੱਧ ਗਰਮੀ ਪੈਣ ਕਰਕੇ ਕਣਕ ਦੇ ਨਿਸ਼ਾਰੇ ਉੱਪਰ ਬੁਰਾ ਪ੍ਰਭਾਵ ਪਿਆ ਸੀ, ਜੋ ਕਿ ਕੇਂਦਰੀ ਅਨਾਜ ਭੰਡਾਰ ਦੇ ਮਾਪਦੰਡ ਮੁਤਾਬਿਕ ਸਹੀ ਨਹੀਂ ਹੈ | ਜਿਸ ਕਰਕੇ ਕਿਸਾਨਾਂ ਦੀ ਕਣਕ ਦੀ ਫ਼ਸਲ ਮੰਡੀਆਂ ਵਿਚ ਰੁਲ੍ਹਣ ਲੱਗ ਪਈ ਹੈ | ਪਿਛਲੇ ਇਕ ਹਫ਼ਤੇ ਤੋਂ ਦਾਣਾ ਮੰਡੀ ਰਾਏਕੋਟ ਵਿਚ ਕਣਕ ਦੀ ਆਮਦ ਤੇਜ਼ੀ ਨਾਲ ਚੱਲ ਰਹੀ ਹੈ, ਪ੍ਰੰਤੂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵਲੋਂ ਕਣਕ ਦੀ ਸਰਕਾਰੀ ਖ਼ਰੀਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ | ਜਿਸ ਕਾਰਨ ਅੰਨਦਾਤਾ ਕਿਸਾਨ ਜਿੱਥੇ ਆਪਣੀ ਮਿਹਨਤ ਨਾਲ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਵੇਚਣ ਲਈ ਮੰਡੀਆਂ ਰਾਤਾਂ ਦੇ ਫਾਕੇ ਕੱਟਣ ਲਈ ਮਜ਼ਬੂਰ ਹੋ ਚੁੱਕਾ ਹੈ, ਉੱਥੇ ਹੀ ਆੜ੍ਹਤੀਆਂ ਤੇ ਮੰਡੀ ਮਜ਼ਦੂਰਾਂ ਨੂੰ ਵੀ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜ਼ਿਕਰਯੋਗ ਹੈ ਕਿ ਸਰਦੀਆਂ ਦੇ ਚੱਲ ਰਹੇ ਮੌਸਮ ਵਿਚ ਆਏ ਬਦਲਾਅ ਕਾਰਨ ਇਕਦਮ ਤਾਪਮਾਨ ਵਿਚ ਵਾਧਾ ਹੋ ਗਿਆ ਸੀ, ਜਿਸ ਨਾਲ ਕਣਕ ਦੀ ਫ਼ਸਲ ਉੱਪਰ ਕੁਦਰਤੀ ਰੂਪ ਵਿਚ ਮਾਰ ਪੈ ਗਈ ਅਤੇ ਕਣਕ ਦੇ ਦਾਣੇ ਸੁੰਗੜਨ ਦੀ ਸਮੱਸਿਆ ਸਾਹਮਣੇ ਆਈ ਹੈ | ਹੁਣ ਇਸ ਗੰਭੀਰ ਮਾਮਲੇ 'ਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਕਣਕ ਖਰੀਦਣ ਤੋਂ ਆਨਾ-ਕਾਨੀ ਕਰਨ ਨਾਲ ਦਾਣਾ ਮੰਡੀਆਂ ਵਿਚ ਮਾਹੌਲ ਡਰ ਵਾਲਾ ਬਣ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਆਵਾਜ਼ ਉਠਾਈ ਜਾ ਰਹੀ ਹੈ ਕਿ ਉਨ੍ਹਾਂ ਦੀ ਫ਼ਸਲ ਦੀ ਫੌਰੀ ਤੌਰ 'ਤੇ ਖਰੀਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਤੇ ਮਿਹਨਤ ਦਾ ਸਹੀ ਮੁੱਲ ਮਿਲ ਸਕੇ | ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਾਣਾ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ, ਉੱਥੇ ਹੀ ਪਿਛਲੇ 20-25 ਦਿਨਾਂ ਤੋਂ ਮੌਸਮ ਵਿਚ ਚੱਲ ਰਹੀ ਖਰਾਬੀ ਕਾਰਨ ਵੀ ਕਿਸਾਨਾਂ ਦੀਆਂ ਚਿੰਤਾਵਾਂ ਵੱਧ ਚੁੱਕੀਆਂ ਹਨ | ਜੇਕਰ ਇਕ-ਦੋ ਦਿਨਾਂ ਵਿਚ ਖਰੀਦ ਸ਼ੁਰੂ ਨਾ ਹੋਈ ਤਾਂ ਕਣਕ ਦੀ ਵਾਢੀ ਉੱਪਰ ਬੁਰਾ ਪ੍ਰਭਾਵ ਪਵੇਗਾ | ਉੱਥੇ ਹੀ ਮੰਡੀਆਂ ਵਿਚ ਹੋਰ ਕਣਕ ਢੇਰੀ ਕਰਨ ਲਈ ਜਗ੍ਹਾ ਦੀ ਵੱਡੀ ਰੜਕੇਗੀ | ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ ਨੇ ਮੁੱਖ ਮੰਤਰੀ ਪੰਜਾਬ ਅਤੇ ਫੂਡ ਸਕੱਤਰ ਪੰਜਾਬ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੇ ਇਸ ਮਸਲੇ ਵੱਲ ਫੌਰੀ ਧਿਆਨ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣੀ ਹਾੜ੍ਹੀ ਦੀ ਫ਼ਸਲ ਕਣਕ ਨੂੰ ਸਮੇਂ ਸਿਰ ਵੇਚ ਕੇ ਆਪਣਾ ਕੰਮ ਨਿਪਟਾ ਸਕਣ | ਇਸ ਮੌਕੇ ਗੁਰਜੀਤ ਜੰਡ, ਸ਼ਿਵ ਕੁਮਾਰ, ਹੇਮਰਾਜ ਬਾਂਸਲ, ਰਾਜੂ ਧੂਰਕੋਟ, ਪ੍ਰਭ ਬਾਂਸਲ, ਕੁਲਵੰਤ ਸਿੰਘ ਸੰਤ, ਗੋਪੀ ਗੁਪਤਾ ਆਦਿ ਹਾਜ਼ਰ ਸਨ |
ਮਾਮਲਾ ਕਣਕ ਦਾ ਦਾਣਾ ਸੁੰਗੜਨ ਕਾਰਨ ਪੈਦਾ ਹੋਈ ਅੜਚਨ ਦਾ <br> ਪੰਜਾਬ ਦੀਆਂ ਖ਼ਰੀਦ ਏਜੰਸੀਆਂ ਵਲੋਂ ਕਣਕ ਖ਼ਰੀਦਣ ਤੋਂ ਕੋਰੀ ਨਾਂਹ, ਕਿਸਾਨਾਂ ਦੇ ਸਾਹ ਸੂਤੇ
ਅਜੀਤ ਡੈਸਕ
13-04-2026