ਸਿੱਧਵਾਂ ਬੇਟ, 12 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਕਈ ਦਹਾਕੇ ਪਹਿਲਾਂ ਇੱਥੋ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਲਾਗਲੇ ਖੇਤਰ ਵਿਚ ਤਿਆਰ ਕੀਤੀ ਜਾਣ ਵਾਲੀ ਦੇਸ਼ੀ ਸ਼ਰਾਬ ਨੂੰ 'ਝੱਲ ਵਿਸਕੀ ਦੀ ਬੋਤਲ' ਨਾਲ ਜਾਣਿਆਂ ਜਾਂਦਾ ਸੀ, ਪਰ ਹੁਣ ਸ਼ਰਾਬ ਮਾਫੀਏ ਵਲੋਂ ਅੱਜ ਦੇ ਮਹਿੰਗਾਈ ਯੁੱਗ ਵਿਚ ਘੱਟ ਸਮੇਂ ਅਤੇ ਘੱਟ ਖ਼ਰਚੇ ਵਿਚ ਪਿਆਕੜਾ ਨੂੰ ਪਰੋਸੀ ਜਾ ਰਹੀ ਰੂੜੀ ਮਾਰਕਾ ਸ਼ਰਾਬ ਕਿਸੇ ਵੀ ਸਮੇਂ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇ ਸਕਦੀ ਹੈ, ਕਿਉਂਕਿ ਇਸ ਰੂੜੀ ਮਾਰਕਾ ਸ਼ਰਾਬ ਨੇ ਪਹਿਲਾਂ ਵੀ ਬੇਟ ਇਲਾਕੇ ਦੇ ਕਈ ਪਿੰਡਾਂ ਵਿਚ ਕੀਮਤੀ ਜਾਨਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਅਤੇ ਇਨ੍ਹਾਂ ਮਿ੍ਤਕ ਲੋਕਾਂ ਵਿਚ ਜਿਆਦਾਤਰ ਦਿਹਾੜੀਦਾਰ, ਮਜ਼ਦੂਰ ਵਰਗ ਦੀ ਹੁੰਦੀ ਹੈ, ਜੋ ਸਸਤੀ ਸ਼ਰਾਬ ਦੇ ਚੱਕਰ ਵਿਚ ਹੀ ਮੌਤ ਦੇ ਮੂੰਹ ਜਾ ਪੈਂਦੇ ਹਨ | ਜੇਕਰ ਗੱਲ ਕਰੀਏ ਤਾਂ ਅੱਜ-ਕੱਲ੍ਹ ਪੁਲਿਸ ਪ੍ਰਸ਼ਾਸਨ ਚਿੱਟੇ ਦੇ ਖਾਤਮਾ ਕਰਨ ਲਈ ਸ਼ਰਾਬ ਤਸਕਰਾਂ ਵੱਲ ਜਿਆਦਾ ਧਿਆਨ ਨਹੀਂ ਦੇ ਰਿਹਾ ਅਤੇ ਸਿਰਫ਼ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਹੀ ਐਕਸਾਈਜ਼ ਵਿਭਾਗ ਦੇ ਕਰਮਚਾਰੀਆਂ ਨੂੰ ਨਾਲ ਕੈ ਕੇ ਸਮੇਂ-ਸਮੇਂ 'ਤੇ ਦਰਿਆਈ ਖੇਤਰ ਵਿਚ ਛਾਪੇਮਾਰੀ ਕਰਦੇ ਰਹਿੰਦੇ ਹਨ, ਪਰ ਇਸ ਦੇ ਬਾਵਜੂਦ ਵੀ ਘਰ ਦੀ ਕੱਢੀ ਸ਼ਰਾਬ ਦਾ ਧੰਦਾ ਲਗਾਤਾਰ ਜਾਰੀ ਹੈ | ਬੇਖੌਫ਼ ਸ਼ਰਾਬ ਤਸ਼ਕਰ ਘਰ ਦੀ ਕੱਢੀ ਸ਼ਰਾਬ ਨੂੰ ਵੱਖ-ਵੱਖ ਸਾਧਨਾਂ ਰਾਹੀਂ ਸਪਲਾਈ ਕਰਕੇ ਮੋਟੀ ਕਮਾਈ ਕਰ ਰਹੇ ਹਨ ਅਤੇ ਇਸ ਨੂੰ ਅੱਗੇ ਛੋਟੇ ਸ਼ਰਾਬ ਤਸ਼ਕਰ ਪ੍ਰਤੀ ਲੀਟਰ 100 ਰੁਪਏ 200 ਰੁਪਏ ਤੱਕ ਵਸੂਲ ਰਹੇ ਹਨ | ਘਰ ਦੀ ਕੱਢੀ ਸ਼ਰਾਬ ਸੰਬੰਧੀ ਜਦੋਂ ਇਲਾਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਨਸਨੀਖੇਜ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੂੜੀ ਮਾਰਕਾ ਸ਼ਰਾਬ ਨੂੰ ਤਿਆਰ ਕਰਨ ਲਈ ਸ਼ਰਾਬ ਤਸਕਰਾਂ ਵਲੋਂ ਜ਼ਿਆਦਾਤਰ ਦਰਿਆ ਸਤਲੁਜ ਦਾ ਗੰਦਾ ਅਤੇ ਤੇਜਾਬੀ ਪਾਣੀ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ ਇਸ ਵਿਚ ਗੁੜ (ਸ਼ੀਰਾ) ਘੋਲਕੇ ਇਸ ਨੂੰ ਜਲਦੀ ਤਿਆਰ ਕਰਨ ਦੀ ਨੀਅਤ ਨਾਲ ਇਸ ਵਿਚ ਚੂਨਾ ਕਲੀ, ਗਾਚੀ, ਅਲਕੋਹਲ ਅਤੇ ਯੂਰੀਆ ਖਾਦ ਆਦਿ ਤੋਂ ਇਲਾਵਾ ਕਈ ਹੋਰ ਜਾਨਲੇਵਾ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ | ਉਨ੍ਹਾਂ ਦੱਸਿਆ ਕਿ ਸ਼ਰਾਬ ਤਸ਼ਕਰ ਸਿਰਫ਼ ਇਕ ਲੀਟਰ ਅਲਕੋਹਲ ਨੂੰ ਕਰੀਬ 20 ਲੀਟਰ ਪਾਣੀ ਵਿਚ ਘੋਲ ਕੇ ਉਸ ਦੀ ਸ਼ਰਾਬ ਤਿਆਰ ਕਰ ਲੈਂਦੇ ਹਨ ਅਤੇ ਇਸ ਜ਼ਹਿਰੀਲੀ ਸ਼ਰਾਬ ਨੂੰ ਪਿਆਕੜਾਂ ਦੇ ਹਲਕ 'ਚੋਂ ਲੰਘਾਉਣ ਲਈ ਸਗੁੰਧੀ ਵਾਲੇ ਪਦਰਾਥਾਂ ਦੀ ਵੀ ਵਰਤੋਂ ਕਰਕੇ ਉਨ੍ਹਾਂ ਨੂੰ ਮੌਤ ਦੇ ਮੂੰਹ ਵਿਚ ਧਕੇਲਿਆ ਜਾ ਰਿਹਾ ਹੈ | ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਜਦੋਂ ਦਰਿਆ ਲਾਗਲੇ ਪਿੰਡਾਂ ਦੇ ਕਈ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਮਾਮਲੇ 'ਤੇ ਪ੍ਰਸ਼ਾਸਨ ਨੂੰ ਆਪਣੇ ਨਿਸ਼ਾਨੇ 'ਤੇ ਲੈਂਦੇ ਹੋਏ ਦੱਸਿਆ ਕਿ ਭਾਵੇਂ ਸ਼ਰਾਬ ਤਸਕਰਾਂ ਨੂੰ ਦਬੋਚਣ ਲਈ ਸਮੇਂ-ਸਮੇਂ 'ਤੇ ਐਕਸਾਈਜ਼ ਵਿਭਾਗ ਵਲੋਂ ਸਥਾਨਿਕ ਪੁਲਿਸ ਨੂੰ ਨਾਲ ਲੈ ਕੇ ਦਰਿਆਈ ਖੇਤਰ ਵਿਚ ਛਾਪੇਮਾਰੀ ਵੀ ਕੀਤੀ ਜਾਂਦੀ ਹੈ, ਪਰ ਬਹੁਤੀ ਵਾਰ ਇਹ ਛਾਪੇਮਾਰੀ ਆਪਣੇ ਪਿੱਛੇ ਉਸ ਸਮੇਂ ਕਈ ਸਵਾਲ ਖੜੇ ਕਰ ਜਾਂਦੀ ਹੈ, ਜਦੋਂ ਠੇਕੇਦਾਰਾਂ ਦੇ ਕਈ ਕਰਿੰਦੇ ਛਾਪੇਮਾਰੀ ਤੋਂ ਪਹਿਲਾਂ ਹੀ ਆਪਣੇ ਨੈੱਟਵਰਕ ਰਾਹੀਂ ਸ਼ਰਾਬ ਤਸਕਰਾਂ ਨੂੰ ਸੂਚਨਾਂ ਦੇ ਦਿੰਦੇ ਹਨ | ਜ਼ਹਿਰੀਲੀ ਸ਼ਰਾਬ ਦੇ ਧੰਦੇ ਸੰਬੰਧੀ ਬੋਲਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਕੋਟਉਮਰਾ ਅਤੇ ਕਾਮ: ਬਲਜੀਤ ਸਿੰਘ ਗੋਰਸੀਆਂ ਨੇ ਆਖਿਆ ਕਿ ਅੱਜ ਦੀ ਤਰੀਕ ਵਿਚ ਜ਼ਹਿਰੀਲੀ ਸ਼ਰਾਬ ਦਾ ਧੰਦਾ ਚਿੱਟੇ ਦੇ ਕਾਰੋਬਾਰ ਤੋਂ ਘੱਟ ਨਹੀਂ, ਕਿਉਂਕਿ ਇਸ ਦੀ ਵਰਤੋਂ ਕਰਨ ਨਾਲ ਮਜ਼ਦੂਰ ਪਰਿਵਾਰਾਂ ਦੇ ਮੁਖੀ ਮੌਤ ਦੇ ਮੂੰਹ ਜਾ ਰਹੇ ਹਨ | ਉਨ੍ਹਾਂ ਇਹ ਵੀ ਦੋਸ਼ ਲਗਾਉਂਦੇ ਹੋਏ ਆਖਿਆ ਕਿ ਸਿਰਫ਼ ਚੋਣਾਂ ਸਮੇਂ ਹੀ ਐਕਸਾਈਜ਼ ਵਿਭਾਗ ਸਲਤੁਜ ਰੀਵਰ ਵਿਚੋਂ ਹਜ਼ਾਰਾਂ ਲੀਟਰ ਲਾਹਣ ਬਰਾਮਦ ਕਰਕੇ ਉਨ੍ਹਾਂ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਬਾਅਦ ਵਿਚ ਇਹ ਗੋਰਖਧੰਦਾ ਉਸੇ ਤਰ੍ਹਾਂ ਚੱਲ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਇਸ ਜਾਨਲੇਵਾ ਜ਼ਹਿਰੀਲੇ ਅਤੇ ਗੋਰਖਧੰਦੇ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ |