ਸਿੱਧਵਾਂ ਬੇਟ-ਹੰਬੜਾਂ ਮਾਰਗ 'ਤੇ ਪ੍ਰੀਮਿਕਸ ਪੈਣ ਲਈ ਲੋਕਾਂ 'ਚ ਖੁਸ਼ੀ ਦਾ ਮਾਹੌਲ
ਅਜੀਤ ਡੈਸਕ
13-04-2026
ਸਿੱਧਵਾਂ ਬੇਟ, 12 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਬਣ ਕੇ ਲੋਕ ਮੁੱਦਿਆਂ ਨੂੰ ਉਠਾਉਣ ਵਾਲੇ 'ਅਜੀਤ' ਅਖ਼ਬਾਰ ਵਿਚ ਲਗਾਤਾਰ ਸਿੱਧਵਾਂ ਬੇਟ ਤੋਂ ਲੁਧਿਆਣਾ ਵਾਇਆ ਹੰਬੜਾਂ ਵਾਲੀ ਥਾਂ-ਥਾਂ ਤੋਂ ਟੁੱਟੀ ਹੋਈ ਸੜਕ ਦੀਆਂ ਲੱਗੀਆਂ ਖ਼ਬਰਾਂ ਦੀ ਬਦੌਲਤ ਇਸ ਸੜਕ 'ਤੇ ਪ੍ਰੀਮਿਕਸ ਪੈ ਜਾਣ ਉਪਰੰਤ ਇਲਾਕੇ ਦੇ ਲੋਕਾਂ ਵਿਚ ਜਿੱਥੇ ਖੁਸ਼ੀ ਦਾ ਮਾਹੌਲ ਹੈ, ਉੱਥੇ ਲੋਕ 'ਅਜੀਤ' ਅਖ਼ਬਾਰ ਦੀ ਸਰਾਹਨਾ ਵੀ ਕਰਦੇ ਵਿਖਾਈ ਦੇ ਰਹੇ ਹਨ | ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਠੇਕੇਦਾਰ ਸੁਰਿੰਦਰ ਸਿੰਘ ਸਿੱਧਵਾਂ ਅਤੇ ਬਸਪਾ ਆਗੂ ਗੁਰਬਖਸ਼ ਸਿੰਘ ਕਾਲਾ ਨੇ ਆਖਿਆ ਕਿ ਇਸ ਸੜਕ ਦੇ ਬਣਨ ਨਾਲ ਸਿਰਫ਼ ਬੇਟ ਇਲਾਕੇ ਨੂੰ ਹੀ ਨਹੀਂ, ਸਗੋ ਇਸ ਸੜਕ ਰਾਹੀਂ ਨਕੋਦਰ, ਮਹਿਤਪੁਰ, ਧਰਮਕੋਟ, ਕੋਟਈਸੇ ਖਾਂ, ਤੋਂ ਇਲਾਵਾ ਮੋਗਾ ਅਤੇ ਫਿਰੋਜ਼ਪੁਰ ਜ਼ਿਲਿ੍ਹਆਂ ਵਿਚੋਂ ਲੁਧਿਆਣਾ, ਚੰਡੀਗੜ੍ਹ ਜਾਣ ਵਾਲੇ ਵਾਹਨ ਮਾਲਕਾਂ ਨੂੰ ਵੀ ਭਾਰੀ ਫਾਇਦਾ ਪੁੱਜੇਗਾ | ਉਨ੍ਹਾਂ ਮੰਗ ਕੀਤੀ ਕਿ ਹੁਣ ਸਿੱਧਵਾਂ ਬੇਟ ਤੋਂ ਜ਼ਿਲ੍ਹਾ ਲੁਧਿਆਣਾ ਦੇ ਮੋਗਾ ਹੱਦ ਨਾਲ ਲੱਗਦੇ ਪਿੰਡ ਪੱਤੀ ਮੁਲਤਾਨੀ ਤੱਕ ਮਨਜ਼ੂਰ ਹੋਈ ਸੜਕ 'ਤੇ ਵੀ ਤੁਰੰਤ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ ਤਾਂ ਜੋ ਧਰਮਕੋਟ, ਜੀਰਾ ਅਤੇ ਗੁਰੂ ਕੀ ਨਗਰੀ ਸ੍ਰੀ ਅੰਮਿ੍ਤਸਰ ਸਾਹਿਬ ਜਾਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਵੇ | ਉਨ੍ਹਾਂ ਇਸ ਮੌਕੇ ਇਹ ਵੀ ਮੰਗ ਕੀਤੀ ਕਿ ਇਸ ਨਵੀਂ ਬਣੀ ਸੜਕ ਵਿਚੋਂ ਜਿਹੜੀਆਂ ਵੀ ਵੱਖ-ਵੱਖ ਪਿੰਡਾਂ ਨੂੰ ਸੰਪਰਕ ਸੜਕਾਂ ਨਿਕਲਦੀਆਂ ਹਨ | ਉਨ੍ਹਾਂ ਨੂੰ ਸੜਕ ਦੇ ਕੰਢਿਆਂ ਤੋਂ ਟੇਪਰ ਕੀਤਾ ਜਾਵੇ ਤਾਂ ਜੋ ਲੋਕ ਹਾਦਸਿਆਂ ਤੋਂ ਬਚ ਸਕਣ |