ਜਗਰਾਉਂ, 13 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਪੁਲਿਸ ਕਮਿਸ਼ਨਰ ਅੰਮਿ੍ਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪਰਿਵਾਰ ਸਮੇਤ ਮੱਥਾ ਟੇਕਿਆ | ਇਥੇ ਉਨ੍ਹਾਂ ਨੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨਾਲ ਧਾਰਮਿਕ ਵਿਚਾਰਾਂ ਕੀਤੀਆਂ | ਮਹਾਂਪੁਰਖਾਂ ਨੇ ਪੁਲਿਸ ਕਮਿਸ਼ਨਰ ਭੁੱਲਰ ਨੂੰ ਸਿਰਪਾਓ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਇਨਸਾਫ਼, ਬਰਾਬਰਤਾ, ਅਨੁਸ਼ਾਸਨ ਭਰਿਆ ਸਮਾਜ ਬਣਾਉਣ ਲਈ ਇਨਸਾਨ ਦਾ ਜੀਵਨ ਮਨੁੱਖਤਾ ਦੀ ਭਲਾਈ ਵਾਲੀ ਸੋਚ ਵਰਗਾ ਹੋਣਾ ਚਾਹੀਦਾ ਹੈ | ਇਹ ਸੋਚ ਸਾਨੂੰ ਬੁਰਾਈਆਂ ਤੋਂ ਬਚਾਉਂਦੀ ਅਤੇ ਚੰਗੇ ਕੰਮਾਂ ਲਈ ਪ੍ਰੇਰਦੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬ ਨਸ਼ਿਆਂ ਅਤੇ ਹੋਰ ਬੁਰਾਈਆਂ ਨਾਲ ਜੂਝ ਰਿਹਾ ਹੈ | ਅਜਿਹੇ ਮੌਕੇ ਹਰ ਅਧਿਕਾਰੀ ਅਤੇ ਕਰਮਚਾਰੀ ਨੂੰ ਆਪਣੀਆਂ ਸੇਵਾਵਾਂ ਸਮਾਜ ਦੀ ਖੁਸ਼ਹਾਲੀ ਲਈ ਨਿਭਾਉਣੀਆਂ ਚਾਹੀਦੀਆਂ ਹਨ | ਇਸ ਮੌਕੇ ਉਨ੍ਹਾਂ ਇਹ ਵੀ ਕਿਹਾ ਕਿ ਗੁਆਂਢੀਆਂ ਦੇ ਘਰ ਲੱਗੀ ਅੱਗ ਨੂੰ ਬੁਝਾਉਣ ਵਿਚ ਜੇਕਰ ਅਸੀਂ ਬਣਦਾ ਆਪਣਾ ਸਹਿਯੋਗ ਨਹੀਂ ਪਾਉਂਦੇ ਤਾਂ ਇਹ ਚਿੱਟੇ ਦਿਨ ਵਾਂਗ ਸਾਫ਼ ਹੈ ਕਿ ਇਸ ਅੱਗ ਦਾ ਅਗਲਾ ਕਦਮ ਤੁਹਾਡਾ ਵਿਹੜੇ ਵੱਲ ਹੋਵੇਗਾ | ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਾਨਕਸਰ ਵਿਖੇ ਆਉਣ ਨਾਲ ਮਾਨਸਿਕ ਸਕੂਨ ਅਤੇ ਬੁਰਾਈਆਂ ਨਾਲ ਜੂਝਣ ਦੀ ਸ਼ਕਤੀ ਮਿਲਦੀ ਹੈ | ਉਨ੍ਹਾਂ ਦੱਸਿਆ ਕਿ ਮੇਰਾ ਪਰਿਵਾਰ ਲੰਬੇ ਸਮੇਂ ਤੋਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਖਾਂ ਤੋਂ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵਿਚਰਨ ਲਈ ਸੇਧ ਲੈ ਰਿਹਾ ਹੈ | ਉਨ੍ਹਾਂ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵਲੋਂ ਧਾਰਮਿਕ ਖੇਤਰ ਦੇ ਨਾਲ-ਨਾਲ ਵਿੱਦਿਅਕ, ਡਾਕਟਰੀ, ਵਾਤਾਵਰਣ, ਖੇਡਾਂ ਆਦਿ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ | ਇਸ ਮੌਕੇ ਉਨ੍ਹਾਂ ਨਾਨਕਸਰ ਸੰਪਰਦਾਇ ਦੇ ਸਮੂਹ ਮਹਾਂਪੁਰਖਾਂ ਨੂੰ ਅਪੀਲ ਕੀਤੀ ਕਿ ਉਹ ਨੌਜਵਾਨੀ ਨੂੰ ਨਸ਼ਿਆਂ ਅਤੇ ਹੋਰ ਬੁਰਾਈਆਂ ਤੋਂ ਬਚਾਉਣ ਲਈ ਅੱਗੇ ਆਉਣ | ਇਸ ਮੌਕੇ ਮਨਦੀਪ ਸਿੰਘ, ਬਲਜਿੰਦਰ ਸਿੰਘ, ਜਗਤਾਰ ਸਿੰਘ, ਗੁਰਦੀਪ ਸਿੰਘ ਦੀਪਾ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |