ਚੌਂਕੀਮਾਨ, 14 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ: ਸਤਿੰਦਰ ਕੌਰ ਦੀ ਯੋਗ ਅਗਵਾਈ ਅਧੀਨ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਅਤੇ ਪੰਜਾਬੀ ਸਾਹਿਤ ਸਭਾ ਵਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਰੋਜ਼ਾ ਵਿੱਦਿਅਕ ਟੂਰ ਸ੍ਰੀ ਤਰਨਤਾਰਨ ਸਾਹਿਬ, ਗੁਰਦੁਆਰਾ ਸ੍ਰੀ ਝੂਲਨੇ ਮਹਿਲ ਸਾਹਿਬ ਅਤੇ ਹਰੀਕੇ ਪੱਤਨ ਵਿਖੇ ਲਿਜਾਇਆ ਗਿਆ | ਇਸ ਵਿੱਦਿਅਕ ਟੂਰ ਦਾ ਉਦੇਸ਼ ਜਿੱਥੇ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਹੈ, ਉੱਥੇ ਹੀ ਗੁਰਬਾਣੀ ਦੇ ਮਹੱਤਵ ਨੂੰ ਸਮਝਾਉਣਾ ਵੀ ਹੈ | ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਨਿਰਧਾਰਿਤ ਸਿਲੇਬਸ ਦਾ ਹਿੱਸਾ ਹੈ, ਉੱਥੇ ਹੀ ਬੀ.ਏ. ਭਾਗ ਪਹਿਲਾ ਦੇ ਸਿਲੇਬਸ ਦੀ ਕਹਾਣੀ 'ਧਰਤੀ ਹੇਠਲਾ ਬਲਦ' ਗੁਰੂ ਅਰਜਨ ਦੇਵ ਪਾਤਿਸ਼ਾਹ ਦੇ ਤਪ-ਅਸਥਾਨ ਗੁਰਦੁਆਰਾ ਮੰਜੀ ਸਾਹਿਬ ਅਤੇ ਸ੍ਰੀ ਝੂਲਨੇ ਮਹਿਲ ਸਾਹਿਬ ਪਿੰਡ ਠੱਠੀ-ਖਾਰਾ (ਤਰਨਤਾਰਨ ਸਾਹਿਬ) ਨਾਲ ਸਬੰਧਿਤ ਹੈ | ਇਸ ਗੁਰੂ ਘਰ ਵਿਚ ਅਜਿਹੀ ਚੌੜੀ ਦੀਵਾਰ ਹੈ, ਜੋ ਝੂਲਦੀ ਹੈ ਅਤੇ ਆਈਆਂ ਹੋਈਆਂ ਸੰਗਤਾਂ ਇਸ ਦੀਵਾਰ ਉੱਪਰ ਬੈਠ ਕੇ ਅਲੌਕਿਕ ਆਨੰਦ ਨੂੰ ਮਹਿਸੂਸ ਕਰਦੀਆਂ ਹਨ | ਇਸ ਵਿੱਦਿਅਕ ਟੂਰ ਵਿਚ ਕੁੱਲ 46 ਵਿਦਿਆਰਥਣਾਂ ਨੇ ਭਾਗ ਲਿਆ | ਇਸ ਟੂਰ ਦੇ ਕਨਵੀਨਰ ਡਾ. ਇੰਦਰਜੀਤ ਕੌਰ ਅਤੇ ਡਾ. ਬਲਵਿੰਦਰ ਕੌਰ ਸਨ | ਸੰਸਥਾ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਨੇ ਪੰਜਾਬੀ ਵਿਭਾਗ ਦੁਆਰਾ ਆਯੋਜਿਤ ਸਿੱਖ ਇਤਿਹਾਸ ਦੇ ਇਸ ਵਿੱਦਿਅਕ ਟੂਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ | ਉਨਾਂ ਕਿਹਾ ਕਿ ਅਜਿਹੇ ਟੂਰ ਵਿਦਿਆਰਥਣਾਂ ਨੂੰ ਸਿੱਖ ਇਤਿਹਾਸ, ਸਿੱਖ ਸੱਭਿਆਚਾਰ ਅਤੇ ਸਿੱਖੀ ਸਿਧਾਂਤਾਂ ਨਾਲ ਜੋੜਨ ਦਾ ਅਹਿਮ ਉਪਰਾਲਾ ਹਨ |