ਜਗਰਾਉਂ, 16 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਸੰਸਾਰ ਦਾ ਸਭ ਤੋਂ ਵੱਡਾ ਤੇ ਦਰਦਨਾਕ ਸੱਚ ਹੈ ਕਿ ਜਿੰਨ੍ਹਾਂ ਨੂੰ ਅਸੀਂ ਆਪਣਾ ਆਖ ਕੇ ਸਾਰੀ ਉਮਰ ਮਾਣ ਕਰਦੇ ਹਾਂ ਉਹ ਮੌਤ ਤੋਂ ਬਾਅਦ ਪਰਾਏ ਹੋ ਜਾਂਦੇ ਹਨ | ਮਨੁੱਖ ਸਾਰੀ ਉਮਰ ਮੇਰਾ-ਮੇਰਾ ਕਰਦਿਆਂ 'ਚ ਗੁਜ਼ਾਰਦਾ ਅਤੇ ਦੌਲਤ ਇਕੱਠੀ ਕਰਦਾ ਰਹਿੰਦਾ ਹੈ | ਸੱਚ ਤਾਂ ਇਹ ਹੈ ਕਿ ਸੁਆਸਾਂ ਦੀ ਪੂੰਜੀ ਖ਼ਤਮ ਹੋਣ ਦੀ ਦੇਰ ਹੈ ਕਿ ਸਭ ਤੋਂ ਪਹਿਲਾਂ ਆਪਣੇ ਹੀ ਸਾਨੂੰ ਘਰੋਂ ਬਾਹਰ ਕੱਢਣ ਦੀਆਂ ਤਿਆਰੀਆਂ ਕਰਨ ਲੱਗ ਜਾਂਦੇ ਹਨ | ਇਹ ਹਕੀਕੀ ਭਰੇ ਸ਼ਬਦ ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ | ਉਨ੍ਹਾਂ ਆਖਿਆ ਕਿ ਜਿਹੜੇ ਲੋਕ ਕਦੇ ਕਹਿੰਦੇ ਹੁੰਦੇ ਸੀ ਕਿ ਤੂੰ ਹੀ ਸਾਡਾ ਸਭ ਕੁਝ ਹੈ, ਉਹ ਫੁੱਲ ਤਾਰਨ ਤੋਂ ਬਾਅਦ ਮੁੜਨ ਮੌਕੇ ਹਦਾਇਤਾਂ ਦਿੰਦੇ ਹਨ ਕਿ ਪਿੱਛੇ ਨਾ ਝਾਕਿਓ ਅਤੇ ਨਾ ਹੀ ਆਵਾਜ਼ ਮਾਰਿਓ , ਕਿਤੇ ਨਾਲ ਹੀ ਨਾ ਆ ਜਾਵੇ | ਉਨ੍ਹਾਂ ਆਖਿਆ ਕਿ ਇਹ ਇਸ ਕਦਰ ਦਾ ਦੁਖਾਂਤ ਹੈ ਕਿ ਜਿਸ ਨੇ ਪੂਰੀ ਉਮਰ ਆਪਣਿਆਂ ਦੀ ਖੁਸ਼ਹਾਲੀ ਲਈ ਲਾ ਦਿੱਤੀ ਅੱਜ ਉਹ ਹੀ ਉਸ ਦੇ ਪਰਛਾਵੇਂ ਤੋਂ ਵੀ ਡਰਨ ਲੱਗ ਪਏ ਹਨ | ਉਨ੍ਹਾਂ ਕਿਹਾ ਕਿ ਮੋਹ ਦੀਆਂ ਤੰਦਾਂ ਇਸ ਕਦਰ ਕਮਜ਼ੋਰ ਹਨ ਕਿ ਸਰੀਰ ਠੰਡਾ ਹੋਣ ਦੀ ਦੇਰ ਹੈ ਕਿ ਰਿਸ਼ਤੇ ਦੀਆਂ ਤੰਦਾਂ ਝੱਟ ਠੰਡੀਆਂ ਹੋ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ ਦੌਲਤ, ਜਾਇਦਾਦ, ਰੁਤਬੇ ਆਦਿ ਸਭ ਮਿੱਟੀ ਹਨ ਕਿਉਂਕਿ ਮੌਤ ਤੋਂ ਬਾਅਦ ਇਹ ਆਪਣੇ ਸਾਨੂੰ ਇਕ ਪਲ ਵੀ ਘਰ 'ਚ ਰੱਖਣਾ ਨਹੀਂ ਚਾਹੁੰਦੇ | ਇਸ ਲਈ ਸਾਨੂੰ ਆਪਣੇ ਸੁਆਸ ਪਦਾਰਥ ਇਕੱਠੇ ਕਰਨ ਦੀ ਬਜਾਏ ਪ੍ਰਮਾਤਮਾ ਦਾ ਨਾਮ ਸਿਮਰਨ 'ਚ ਬਤੀਤ ਕਰਨੇ ਚਾਹੀਦੇ ਹਨ |