ਖ਼ਰੀਦ ਮਾਪਦੰਡਾਂ ਦੇ ਬਹਾਨੇ ਕਣਕ ਮੰਡੀਆਂ ਵਿਚ ਰੁਲਣ ਨਹੀਂ ਦਿਆਂਗੇ-ਦਿਓਲ
ਅਜੀਤ ਡੈਸਕ
17-04-2026
ਮੁੱਲਾਂਪੁਰ-ਦਾਖਾ, 16 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕੇਂਦਰੀ ਖੁਰਾਕ ਸਪਲਾਈ ਮੰਤਰਾਲੇ ਦੇ ਅਧਿਕਾਰੀਆਂ ਵਲੋਂ ਕਣਕ ਦੀਆਂ ਢੇਰੀਆਂ ਦੀ ਜਾਂਚ, ਕਈਆਂ ਦੇ ਨਮੂਨੇ ਹਾਸਲ ਕਰਨ ਬਹਾਨੇ ਦਾਣਾ ਮੰਡੀਆਂ 'ਚ ਕਣਕ ਦੀ ਮੱਧਮ ਖ਼ਰੀਦ, ਘਟੀਆ ਢੋਆ-ਢੁਆਈ ਪ੍ਰਬੰਧਾਂ ਦਾ ਤਿੱਖਾ ਵਿਰੋਧ ਹੋਵੇਗਾ, ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਮੰਡੀ ਮੁੱਲਾਂਪੁਰ/ਰਕਬਾ ਮੁੱਖ ਯਾਰਡ, ਹੋਰ ਖ਼ਰੀਦ ਕੇਂਦਰਾਂ ਦੇ ਮੰਡੀ ਫੜ੍ਹਾਂ 'ਚ ਕਣਕ ਦੇ ਢੇਰਾਂ ਦੀ ਰੁਕੀ ਖ਼ਰੀਦ ਨੂੰ ਲੈ ਕੇ ਕੀਤਾ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਇੰਚਾਰਜਾਂ ਨੂੰ ਸਖ਼ਤ ਹਦਾਇਤ ਹੈ ਕਿ ਕਣਕ ਦੇ ਦਾਣੇ ਦੀ ਫਿੱਕੀ ਚਮਕ, ਸੁੰਗੜਨ, ਸਿੱਲ੍ਹ (ਨਮੀ) ਬਹਾਨੇ ਕਿਸੇ ਖ਼ਰੀਦ ਏਜੰਸੀ ਦਾ ਇੰਸਪੈਕਟਰ ਖ਼ਰੀਦ ਤੋਂ ਆਨਾਕਾਨੀ ਕਰਦਾ ਤਾਂ ਉਸ ਕੋਲੋਂ ਜਵਾਬ ਲੈ ਕੇ ਉੱਚ ਅਧਿਕਾਰੀਆਂ ਨੂੰ ਦੱਸਿਆ ਜਾਵੇ | ਮੰਡੀ ਫੜ੍ਹਾਂ 'ਚ ਕਣਕ ਦੀ ਰੁਕੀ ਖ਼ਰੀਦ ਨੂੰ ਲੈ ਕੇ ਦਿਓਲ ਵਲੋਂ ਫੂਡ ਸਪਲਾਈ ਦੀ ਡਿਪਟੀ ਡਾਇਰੈਕਟਰ ਮੈਡਮ
ਅਤੇ ਐੱਫ.ਸੀ.ਆਈ ਦੇ ਏ.ਜੀ.ਐੱਮ. ਕੁਆਲਿਟੀ ਨਾਲ ਵੀ ਫ਼ੋਨ 'ਤੇ ਗੱਲਬਾਤ ਹੋਈ | ਇਸ ਮੌਕੇ ਪੱਤਰਕਾਰ ਨਾਲ ਗੱਲਬਾਤ ਸਮੇਂ ਜਸਕਰਨ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੇਮੌਸਮੇ ਮੀਂਹ ਕਾਰਨ ਜਿੰਨ੍ਹਾਂ ਇਲਾਕਿਆਂ ਦੀ ਕਣਕ ਮਾਪਦੰਡਾਂ ਅਨੁਸਾਰ ਖਰਾ ਨਹੀਂ ਉੱਤਰ ਰਹੀ, ਉਨ੍ਹਾਂ ਨੂੰ ਰਾਜਸਥਾਨ ਦੀ ਤਰਜ਼ ਉੱਪਰ ਲਸ਼ਕਰ ਚਮਕ 'ਤੇ 15 ਫ਼ੀਸਦੀ ਨਾਲ ਹੀ ਬਦਰੰਗ ਦਾਣੇ 'ਤੇ 50 ਫ਼ੀਸਦੀ ਛੋਟ ਦਿੱਤੀ ਜਾਵੇ | ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਇਹ ਪਹਿਲੀ ਵਾਰ ਵੇਖਣ ਨੂੰ ਮਿਲ ਰਿਹਾ ਕਿ ਸਾਡੇ ਅੰਨਦਾਤਾ ਨੂੰ ਕਣਕ ਦੀ ਵਿਕਰੀ ਲਈ ਕਈ-ਕਈ ਦਿਨ ਮੰਡੀਆਂ 'ਚ ਰੁਲਣਾ ਪੈ ਰਿਹਾ |