ਸਿੱਧਵਾਂ ਬੇਟ, 16 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕਰੀਬ ਤਿੰਨ ਮੀਲ ਦੂਰ ਵਗ ਰਹੇ ਦਰਿਆ ਸਤਲੁਜ ਦੇ ਜਲੰਧਰ-ਮਾਰਗ 'ਤੇ ਬਣੇ ਪੁਲ ਦੇ ਨਜ਼ਦੀਕ ਚੜ੍ਹਦੇ ਪਾਸੇ ਲਗਾਏ ਜਾ ਰਹੇ ਕੰਡੇ ਦੇ ਵਿਰੋਧ ਵਿਚ ਅੱਜ ਲਾਗਲੇ ਪਿੰਡਾਂ ਦੇ ਕੋਝ ਲੋਕਾਂ ਨੇ ਪੱਕੇ ਮੋਰਚੇ ਦਾ ਐਲਾਨ ਕਰਦੇ ਹੋਏ ਆਖਿਆ ਕਿ ਜਿੰਨ੍ਹਾਂ ਚਿਰ ਪ੍ਰਸ਼ਾਸਨ ਆਪਣਾ ਫ਼ੈਸਲਾ ਨਹੀਂ ਬਦਲ ਲੈਂਦਾ ਉਨਾਂ ਚਿਰ ਅਸੀਂ ਸੰਘਰਸ਼ ਜਾਰੀ ਰੱਖਾਂਗੇ | ਭਾਵੇਂ ਇਸ ਮੌਕੇ ਅੱਜ ਭਾਈ ਬਲਦੇਵ ਸਿੰਘ ਵਡਾਲਾ ਨੇ ਵੀ ਧਰਨਾ ਦੇਣ ਵਾਲੇ ਲੋਕਾਂ ਦੇ ਹੱਕ ਵਿਚ ਆਉਣਾ ਸੀ ਪਰ ਉਨ੍ਹਾਂ ਦੇ ਸਮਰਥਕਾਂ ਵਲੋਂ ਇਹ ਆਖਿਆ ਗਿਆ ਕਿ ਭਾਈ ਵਡਾਲਾ ਕਿਸੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਲਈ ਚਲੇ ਗਏ ਹਨ | ਉਨਾਂ ਵਲੋਂ ਭੇਜੇ ਰਿਟਾ: ਕੈਪਟਨ ਬਹਾਦਰ ਸਿੰਘ ਕਿਸ਼ਨਪੁਰਾ ਨੇ ਆਖਿਆ ਕਿ ਜਿਸ ਜਗ੍ਹਾ 'ਤੇ ਕੰਡਾ ਲਗਾਇਆ ਜਾ ਰਿਹਾ ਹੈ ਇੱਥੇ ਬੰਨ੍ਹ ਦੀ ਹਾਲਤ ਬਹੁਤ ਖਰਾਬ ਹੈ ਪਰ ਜਦੋਂ ਇਹ ਟੱਕ ਚਾਲੂ ਹੋ ਗਿਆ ਤਾਂ ਇਹ ਬੰਨ੍ਹ ਦਰਿਆ ਵਿਚ ਹੜ੍ਹਾਂ ਦੌਰਾਨ ਲਾਗਲੇ ਪਿੰਡ ਬੀਟਲਾਂ, ਮੱਧੇਪੁਰਾ, ਰਾਏਪੁਰ ਰਾਈਆਂ, ਰਾਏਪੁਰ ਗੁੱਜਰਾਂ ਸਮੇਤ ਦਰਜਨਾਂ ਹੋਰ ਪਿੰਡਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ | ਉਨ੍ਹਾਂ ਅੱਜ ਤੋਂ ਇਸ ਜਗ੍ਹਾ 'ਤੇ ਪੱਕਾ ਮੋਰਚਾ ਲਗਾਉਣ ਦੀ ਗੱਲ ਕਰਦੇ ਹੋਏ ਆਖਿਆ ਕਿ ਜਿੰਨ੍ਹਾਂ ਚਿਰ ਮਾਈਨਿੰਗ ਵਿਭਾਗ ਆਪਣਾ ਫ਼ੈਸਲਾ ਨਹੀਂ ਬਦਲਦਾ ਉਨਾਂ ਚਿਰ ਅਸੀਂ ਰੇਤੇ ਦਾ ਕਾਰੋਬਾਰ ਨਹੀਂ ਹੋਣ ਦੇਵਾਂਗੇ | ਦੂਜੇ ਪਾਸੇ ਇਸ ਜਗ੍ਹਾ 'ਤੇ ਮਾਈਨਿੰਗ ਦਾ ਠੇਕਾ ਲੈਣ ਵਾਲੀ ਕੰਪਨੀ ਦੇ ਸੁਪਰਵਾਈਜ਼ਰ ਹਰਪਾਲ ਸਿੰਘ ਨੇ ਆਖਿਆ ਕਿ ਅਸੀਂ ਇਸ ਬੰਨ੍ਹ ਨੂੰ ਆਂਚ ਨਹੀਂ ਆਉਣ ਦੇਵਾਂਗੇ | ਇਸ ਸਬੰਧੀ ਅਸੀਂ ਮਾਈਨਿੰਗ ਵਿਭਾਗ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰ ਲਈਆਂ ਹਨ ਅਤੇ ਸਾਨੂੰ ਹੁਣ ਦਿੱਤੇ ਗਏ ਰਕਬੇ ਵਿਚੋਂ ਮਾਈਨਿੰਗ ਕਰਨ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਸਾਡੀ ਖੱਡ ਕਾਨੂੰਨੀ ਹੈ ਜਿੱਥੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ | ਇਸ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵੀ ਲਗਾਤਾਰ ਹਾਲਾਤਾਂ 'ਤੇ ਨਜ਼ਰ ਰੱਖ ਰਹੀ ਸੀ | ਇਸ ਮੌਕੇ ਧਰਨੇ ਵਿਚ ਸਰਪੰਚ ਹਰਮੇਸ਼ ਸਿੰਘ ਬੀਟਲਾਂ, ਸਰਪੰਚ ਮੱਖਣ ਸਿੰਘ ਰਾਏਪੁਰ ਗੁੱਜਰਾਂ, ਸਾਬਕਾ ਸਰਪੰਚ ਲਛਮਣ ਸਿੰਘ ਬੀਟਲਾਂ, ਪ੍ਰਧਾਨ ਸੰਦੀਪ ਸਿੰਘ ਕਿਸ਼ਨਪੁਰਾ, ਹਰਪਾਲ ਸਿੰਘ ਬੀਟਲਾਂ, ਅਵਤਾਰ ਸਿੰਘ ਬੀਟਲਾਂ, ਬਲਵਿੰਦਰ ਸਿੰਘ ਬੀਟਲਾਂ, ਦਰਸ਼ਨ ਸਿੰਘ ਮੱਧੇਪੁਰਾ, ਗੁਰਮੇਜ਼ ਸਿੰਘ ਮੱਧੇਪੁਰਾ, ਅਮੀਰ ਸਿੰਘ ਬੀਟਲਾਂ, ਸੰਪੂਰਨ ਸਿੰਘ, ਕਸ਼ਮੀਰ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸਾਬਾਕ ਸਰਪੰਚ ਟਹਿਲ ਸਿੰਘ, ਪ੍ਰੇਮ ਸਿੰਘ, ਗੁਰਚਰਨ ਸਿੰਘ ਆਦਿ ਤੋਂ ਇਲਾਵਾ ਕਈ ਹੋਰ ਪਤਵੰਤੇ ਲੋਕ ਹਾਜ਼ਰ ਸਨ |