ਨੂਰਪੁਰ ਬੇਦੀ, 16 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਸਤਾਵਿਤ ਹੱਦਬੰਦੀ ਪ੍ਰਕਿਰਿਆ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਹੈ, ਕਿ ਇਹ ਕਦਮ ਦੇਸ਼ ਦੇ ਸੰਘੀ ਢਾਂਚੇ ਦੀ ਮੂਲ ਭਾਵਨਾ ਨੂੰ ਕਮਜ਼ੋਰ ਕਰ ਸਕਦਾ ਹੈ | ਉਨ੍ਹਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਉਠਾਏ ਗਏ ਉਕਤ ਮੁੱਦੇ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਸਿਰਫ਼ ਤਕਨੀਕੀ ਪ੍ਰਕਿਰਿਆ ਨਹੀਂ, ਸਗੋਂ ਦੂਰਗਾਮੀ ਰਾਜਨੀਤਿਕ ਅਸਰ ਵਾਲਾ ਫ਼ੈਸਲਾ ਹੈ | ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਿਨ੍ਹਾਂ ਰਾਜਾਂ ਨੇ ਜਨਸੰਖਿਆ ਨਿਯੰਤਰਨ 'ਚ ਸਫਲਤਾ ਹਾਸਲ ਕੀਤੀ ਹੈ, ਉਨ੍ਹਾਂ ਦੇ ਹਿਤਾਂ ਨੂੰ ਨਜ਼ਰਅੰਦਾਜ਼ ਕਰਕੇ ਪ੍ਰਤੀਨਿਧਤਾ ਦਾ ਨਵਾਂ ਬੰਟਵਾਰਾ ਕਰਨਾ ਉਨ੍ਹਾਂ ਨਾਲ ਅਨਿਆਂ ਹੈ | ਉਨ੍ਹਾਂ ਕਿਹਾ ਕਿ ਇਹ ਸਥਿਤੀ ਉਨ੍ਹਾਂ ਰਾਜਾਂ ਨੂੰ ਸਜ਼ਾ ਦੇਣ ਵਰਗੀ ਹੈ, ਜਿਨ੍ਹਾਂ ਨੇ ਵਿਕਾਸ ਅਤੇ ਸੰਤੁਲਿਤ ਜਨਸੰਖਿਆ ਲਈ ਪ੍ਰਭਾਵਸ਼ਾਲੀ ਕਦਮ ਚੁੱਕੇ ਹਨ | ਉਨ੍ਹਾਂ ਉਦਾਹਰਨ ਦੇ ਕੇ ਕਿਹਾ ਕਿ ਭਾਵੇਂ ਨਵੀਂ ਵਿਵਸਥਾ 'ਚ ਲੋਕ ਸਭਾ ਦਾ ਆਕਾਰ 543 ਤੋਂ ਵੱਧ ਕੇ ਲਗਭਗ 850 ਮੈਂਬਰਾਂ ਦਾ ਹੋ ਸਕਦਾ ਹੈ ਅਤੇ ਪੰਜਾਬ ਦੀਆਂ ਸੀਟਾਂ 13 ਤੋਂ ਵੱਧ ਕੇ ਕਰੀਬ 19 ਹੋ ਸਕਦੀਆਂ ਹਨ, ਪਰ ਕੁੱਲ ਹਿੱਸੇਦਾਰੀ 'ਚ ਕਮੀ ਆਉਣਾ ਚਿੰਤਾਜਨਕ ਹੈ | ਇਸ ਸਮੇਂ ਲੋਕ ਸਭਾ 'ਚ ਪੰਜਾਬ ਦੀ ਹਿੱਸੇਦਾਰੀ ਲਗਭਗ 2.4 ਫੀਸਦੀ ਹੈ, ਜੋ ਨਵੀਂ ਹੱਦਬੰਦੀ ਤੋਂ ਬਾਅਦ ਘੱਟ ਕੇ ਕਰੀਬ 2.2 ਫੀਸਦੀ ਰਹਿ ਸਕਦੀ ਹੈ |