ਨੂਰਪੁਰ ਬੇਦੀ, 16 ਅਪ੍ਰੈਲ (ਰਾਜੇਸ਼ ਚੌਧਰੀ ਤਖਤਗੜ੍ਹ)-ਕਣਕ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਿਚ ਚਿੰਤਾ ਅਤੇ ਨਾਰਾਜ਼ਗੀ ਲਗਾਤਾਰ ਵਧ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਥੇ ਜਰਨੈਲ ਸਿੰਘ ਅÏਲਖ ਨੇ ਕਿਹਾ ਕਿ ਇੱਕ ਪਾਸੇ ਹਰਿਆਣਾ ਵਿਚ ਬੇ-ਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਨੁਕਸਾਨੀ ਹੋਈ ਕਣਕ ਲਈ ਖ਼ਰੀਦ ਮਿਆਰਾਂ ਵਿਚ ਵੱਡੀ ਛੋਟ ਦਿੱਤੀ ਗਈ ਹੈ, ਜਦਕਿ ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਲਈ ਅਜੇ ਤੱਕ ਕੋਈ ਵੀ ਰਾਹਤ ਘੋਸ਼ਿਤ ਨਹੀਂ ਕੀਤੀ ਗਈ | ਅÏਲਖ ਨੇ ਦੱਸਿਆ ਕਿ ਖ਼ਰੀਦ ਮਿਆਰਾਂ ਵਿਚ ਛੋਟ ਨਾ ਮਿਲਣ ਕਾਰਨ ਮੰਡੀਆਂ ਵਿਚ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਮੁਸ਼ਕਿਲਾਂ ਆ ਰਹੀਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਦਾ ਪੰਜਾਬ ਪ੍ਰਤੀ ਰਵੱਈਆ ਹਮੇਸ਼ਾ ਹੀ ਵਿਤਕਰੇ ਭਰਿਆ ਰਿਹਾ ਹੈ | ਪਹਿਲਾਂ ਹੜ੍ਹਾਂ ਦੌਰਾਨ ਵੀ ਪੰਜਾਬ ਨੂੰ ਯੋਗ ਮੁਆਵਜ਼ਾ ਨਹੀਂ ਦਿੱਤਾ ਗਿਆ ਅਤੇ ਹੁਣ ਮੁੜ ਬੇ-ਮੌਸਮੀ ਬਾਰਿਸ਼ ਦੇ ਬਾਵਜੂਦ ਵੀ ਕਿਸਾਨਾਂ ਨੂੰ ਰਾਹਤ ਨਾ ਦੇਣਾ ਕੇਂਦਰ ਸਰਕਾਰ ਦੀ ਨਕਾਰਾਤਮਿਕ ਸੋਚ ਨੂੰ ਦਰਸਾਉਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਪੰਜਾਬ ਦੇ ਕਿਸਾਨਾਂ ਲਈ ਵੀ ਤੁਰੰਤ ਖ਼ਰੀਦ ਮਿਆਰਾਂ ਵਿਚ ਢਿੱਲ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀ ਫ਼ਸਲ ਬਿਨਾਂ ਕਿਸੇ ਰੁਕਾਵਟ ਦੇ ਵੇਚ ਸਕਣ |