ਜਗਰਾਉਂ, 17 ਅਪ੍ਰੈਲ (ਗੁਰਦੀਪ ਸਿੰਘ ਮਲਕ)-ਲੁਧਿਆਣਾ-ਫਿਰੋਜ਼ਪੁਰ ਹਾਈਵੇ 'ਤੇ ਪਿੰਡ ਕੋਠੇ ਬੱਗੂ ਨੇੜੇ ਸ਼ੁੱਕਰਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਮਿ੍ਤਕ ਦੀ ਪਛਾਣ ਪਿੰਡ ਮਲਕ ਦੇ ਰਹਿਣ ਵਾਲੇ ਗ੍ਰੰਥੀ ਸਿੰਘ ਰਾਮ ਸਿੰਘ ਵਜੋਂ ਹੋਈ ਹੈ, ਜੋ ਗੁਰਦੁਆਰਾ ਬਾਬਾ ਮੁਕੰਦ ਜੀ ਵਿਚ ਗ੍ਰੰਥੀ ਦੀ ਸੇਵਾ ਨਿਭਾ ਰਹੇ ਸਨ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਗਿਆ | ਜਦਕਿ ਜ਼ਖ਼ਮੀ ਮਹਿਲਾ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਵਲੋਂ ਉਸ ਨੂੰ ਲੁਧਿਆਣਾ ਰੈੱਫ਼ਰ ਕਰ ਦਿੱਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐੱਸ.ਆਈ ਆਤਮਾ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਲੁਧਿਆਣਾ-ਫਿਰੋਜ਼ਪੁਰ ਮੇਨ ਰੋਡ 'ਤੇ ਕੋਠੇ ਬੱਗੂ ਨੇੜੇ ਇਕ ਕਾਰ ਅਤੇ ਇਲੈਕਟਰਾਨਿਕ ਸਕੂਟਰੀ ਵਿਚਕਾਰ ਟੱਕਰ ਹੋ ਗਈ ਹੈ | ਹਾਦਸੇ ਵਿਚ ਸਕੂਟਰੀ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਹਿਲਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ | ਪ੍ਰਾਰੰਭਿਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਿ੍ਤਕ ਆਪਣੀ ਇਲੈਕਟਰਾਨਿਕ ਸਕੂਟਰੀ 'ਤੇ ਸਵਾਰ ਹੋ ਕੇ ਕੋਠੇ ਬੱਗੂ ਵੱਲ ਜਾ ਰਹੇ ਸਨ | ਇਸ ਦੌਰਾਨ ਲੁਧਿਆਣਾ ਤੋਂ ਮੋਗਾ-ਫਿਰੋਜ਼ਪੁਰ ਵੱਲ ਜਾ ਰਹੀ ਤੇਜ਼ ਰਫ਼ਤਾਰ ਕਾਰ ਨੇ ਜੀ.ਟੀ. ਰੋਡ 'ਤੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ | ਟੱਕਰ ਇੰਨੀ ਜ਼ੋਰਦਾਰ ਸੀ ਕਿ ਦੋਵੇਂ ਸੜਕ 'ਤੇ ਉਛਲ ਕੇ ਡਿੱਗ ਪਏ | ਹਾਦਸੇ ਵਿਚ ਰਾਮ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ | ਜ਼ਖ਼ਮੀ ਮਹਿਲਾ ਨੂੰ ਤੁਰੰਤ ਜਗਰਾਉਂ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਲੁਧਿਆਣਾ ਰੈੱਫ਼ਰ ਕਰ ਦਿੱਤਾ | ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਾਅਦ ਵਿਚ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ ਅਤੇ ਅਗਲੀ ਕਾਰਵਾਈ ਜਾਰੀ ਹੈ |