ਸਿੱਧਵਾਂ ਬੇਟ, 17 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਭਾਜਪਾ ਕਿਸਾਨ ਮੋਰਚਾ ਦੇ ਸੂਬਾ ਜਨਰਲ ਸਕੱਤਰ ਅਤੇ ਭਾਜਪਾ ਸਰਕਲ ਗਿੱਦੜਵਿੰਡੀ ਦੇ ਪ੍ਰਧਾਨ ਗੁਰਭੇਜ ਸਿੰਘ ਪੱਤੀ ਮੁਲਤਾਨੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਿਸਾਨ ਹਿਤੈਸ਼ੀ ਦੱਸਦੇ ਹੋਏ ਆਖਿਆ ਕਿ ਬਾਕੀ ਸਿਆਸੀ ਪਾਰਟੀਆਂ ਕਿਸਾਨੀ ਮੁੱਦੇ 'ਤੇ ਸਿਆਸਤ ਕਰਦੀਆਂ ਹਨ ਪਰ ਜਦੋਂ ਤੋਂ ਕੇਂਦਰ ਵਿਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਕਿਸਾਨਾਂ ਦੀ ਆਮਦਨ ਪਹਿਲੇ ਸਾਲਾਂ ਨਾਲੋਂ ਵਧੀ ਹੈ | ਉਨ੍ਹਾਂ ਕੇਂਦਰ ਸਰਕਾਰ ਵਲੋਂ ਭੇਜੇ ਵਫ਼ਦ ਵਲੋਂ ਕਿਸਾਨਾਂ ਦੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਨਿਰਵਿਘਨ ਖ਼ਰੀਦ ਸੰਬੰਧੀ ਵੱਖ-ਵੱਖ ਖ਼ਰੀਦ ਏਜੰਸੀਆਂ ਵਲੋਂ ਦਿੱਤੇ ਗਏ ਨਿਰਦੇਸ਼ਾਂ ਦੀ ਸਰਾਹਨਾ ਕਰਦੇ ਹੋਏ ਆਖਿਆ ਕਿ ਕੁਝ ਦਿਨਾਂ ਤੋਂ ਬਦਲਾਅ ਵਾਲੀ ਮਾਨ ਸਰਕਾਰ ਅਤੇ ਬਾਕੀ ਸਿਆਸੀ ਪਾਰਟੀਆਂ ਕਿਸਾਨਾਂ ਵਿਚ ਇਹ ਭਰਮ ਫੈਲਾਅ ਰਹੀਆਂ ਹਨ ਕਿ ਕੇਂਦਰ ਨੇ ਕਿਸਾਨਾਂ ਦੀ ਕਣਕ ਖ਼ਰੀਦਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਪਰ ਕੇਂਦਰ ਸਰਕਾਰ ਨੇ ਹੁਣ ਵੱਡਾ ਫ਼ੈਸਲਾ ਕੀਤਾ ਹੈ ਕਿ ਕਣਕ ਦੀ ਖ਼ਰੀਦ ਦੇ ਨਾਂਅ 'ਤੇ ਕਿਸਾਨਾਂ ਨੂੰ ਪ੍ਰੇਸ਼ਾਨ ਨਾ ਹੋਣ ਦਿੱਤਾ ਜਾਵੇ ਅਤੇ ਕਣਕ ਦਾ ਇਕ-ਇਕ ਦਾਣਾ ਖ਼ਰੀਦਿਆ ਜਾਵੇ | ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਡਾ: ਰਜਿੰਦਰ ਸ਼ਰਮਾ, ਸਰਪੰਚ ਗੁਰਸਿਮਰਨ ਸਿੰਘ, ਸਵਰਨ ਸੇਠ, ਨੰਬਰਦਾਰ ਨਿਰਮਲ ਸਿੰਘ, ਡਾ: ਪਰਮਜੀਤ ਸਿੰਘ ਬਾਘੀਆਂ, ਧਰਮਿੰਦਰ ਸਿੰਘ ਬਹਾਦਰਕੇ, ਜਗਦੀਸ ਸਿੰਘ ਮੰਡ ਤਿਹਾੜਾ, ਨੰਬਰਦਾਰ ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਕੁਲਦੀਪ ਕੌਰ, ਸੋਹਣ ਲਾਲ, ਗੁਰਮੇਲ ਸਿੰਘ, ਤਰਸੇਮ ਸਿੰਘ, ਦਇਆ ਸਿੰਘ ਆਦਿ ਨੇ ਵੀ ਕਣਕ ਦੀ ਨਿਰਵਿਘਨ ਖ਼ਰੀਦ ਸੰਬੰਧੀ ਕੇਂਦਰ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੀ ਪ੍ਰਸੰਸਾ ਕੀਤੀ |