ਹਠੂਰ, 21 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਉੱਘੇ ਸਮਾਜ ਸੇਵੀ ਮਰਹੂਮ ਮਨਜੀਤ ਸਿੰਘ ਮਾਲਵਾ ਦੀ ਨਿੱਘੀ ਯਾਦ ਨੂੰ ਸਮਰਪਿਤ ਉਨ੍ਹਾਂ ਦੇ ਪਰਿਵਾਰ ਵਲੋਂ ਪਿੰਡ ਦੇ ਕਾਮਾਗਾਟਾਮਾਰੂ ਦੇ ਸ਼ਹੀਦ ਬਾਬਾ ਈਸ਼ਰ ਸਿੰਘ ਦੀ ਯਾਦ ਵਿਚ ਸਮੁੱਚੇ ਪਿੰਡ ਲਈ ਐਂਬੂਲੈਂਸ ਤਿਆਰ ਕਰਕੇ ਪੰਚਾਇਤ ਨੂੰ ਭੇਟ ਕੀਤੀ ਹੈ | ਸਰਪੰਚ ਹਰਪ੍ਰੀਤ ਸਿੰਘ ਹੈਪੀ, ਬਲਾਕ ਸੰਮਤੀ ਮੈਂਬਰ ਪ੍ਰਮਿੰਦਰ ਸਿੰਘ ਭਾਂਬੜ, ਦੁਪਿੰਦਰਪਾਲ ਸਿੰਘ ਪਿੰਦਾ ਅਤੇ ਟਰੱਕ ਯੂਨੀਅਨ ਹਠੂਰ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉੱਘੇ ਸਮਾਜ ਸੇਵੀ ਐੱਨ.ਆਰ.ਆਈ ਭਰਾਵਾਂ ਰਣਧੀਰ ਸਿੰਘ ਧੀਰਾ ਕੈਨੇਡਾ ਤੇ ਸੁਖਵਿੰਦਰ ਸਿੰਘ ਸ਼ਿੰਦਾ ਵਲੋਂ ਆਪਣੇ ਪਿਤਾ ਦੀ ਯਾਦ ਨੂੰ ਸਮਰਪਿਤ ਇਹ ਐਬੂਲੈਂਸ ਵੈੱਨ ਪਿੰਡ ਵਾਸੀਆਂ ਲਈ ਭੇਟ ਕੀਤੀ ਗਈ ਹੈ, ਜਿਸ ਦੀ ਕਿ ਪਿੰਡ ਵਾਸੀਆਂ ਨੂੰ ਵੱਡੀ ਲੋੜ ਸੀ | ਉਨ੍ਹਾਂ ਕਿਹਾ ਕਿ ਇਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਹਰ ਤਰ੍ਹਾਂ ਦੇ ਭਲਾਈ ਕੰਮਾਂ ਵਿਚ ਹਮੇਸ਼ਾ ਵੱਧ-ਚੜ੍ਹ ਕੇ ਯੋਗਦਾਨ ਪਾਉਂਦਾ ਆ ਰਿਹਾ ਹੈ ਅਤੇ ਇਹ ਸੇਵਾ ਵੀ ਉਨ੍ਹਾਂ ਵਲੋਂ ਹੁਣ ਕੀਤੀ ਗਈ ਹੈ | ਜਿਸ ਲਈ ਸਮੁੱਚਾ ਨਗਰ, ਪੰਚਾਇਤ ਇਨ੍ਹਾਂ ਦਾ ਦਿਲੋਂ ਧੰਨਵਾਦ ਕਰਦਾ ਹੈ | ਇਸ ਮੌਕੇ ਰਣਧੀਰ ਸਿੰਘ ਧੀਰਾ ਕੈਨੇਡਾ ਨੇ ਕਿਹਾ ਕਿ ਪਿੰਡਾਂ 'ਚ ਐਂਮਰਜ਼ੈਂਸੀ ਸਮੇਂ ਐਂਬੂਲੈਸ ਦੀ ਸਹੂਲਤ ਨਾ ਹੋਣ ਕਾਰਨ ਲੋਕਾਂ ਨੂੰ ਬਹੁਤ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਕਿਸੇ ਹਾਦਸੇ ਦੇ ਸ਼ਿਕਾਰ ਜਾਂ ਹੋਰ ਰੋਗ ਤੋਂ ਪੀੜਤ ਮਰੀਜ਼ ਨੂੰ ਜੇਕਰ ਸਮੇਂ ਸਿਰ ਹਸਪਤਾਲ ਪਹੁੰਚਾ ਦਿੱਤਾ ਜਾਵੇ ਤਾਂ ਉਸ ਦੀ ਜਾਨ ਬਣ ਸਕਦੀ ਹੈ | ਇਸ ਲਈ ਉਨ੍ਹਾਂ ਦੇ ਸਾਥੀਆਂ ਅਤੇ ਪੰਚਾਇਤ ਦੇ ਕਹਿਣ 'ਤੇ ਉਨ੍ਹਾਂ ਨੇ ਇਹ ਸੇਵਾ ਵਿਚ ਆਪਣਾ ਬਣਦਾ ਯੋਗਦਾਨ ਪਾਇਆ ਹੈ | ਅਰਦਾਸ ਬੇਨਤੀ ਉਪਰੰਤ ਇਹ ਵੈੱਨ ਨਗਰ ਨੂੰ ਭੇਟ ਕੀਤੀ ਗਈ | ਇਸ ਮੌਕੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਚੇਅਰਮੈਨ ਲੈਂਡ ਮਾਰਗੇਜ਼ ਬੈਂਕ ਲੁਧਿਆਣਾ, ਬਲਾਕ ਸੰਮਤੀ ਮੈਂਬਰ ਪ੍ਰਮਿੰਦਰ ਸਿੰਘ ਭਾਂਬੜ, ਜਗਦੀਸ਼ ਸਿੰਘ ਦੀਸ਼ਾ, ਦੁਪਿੰਦਰਪਾਲ ਸਿੰਘ ਪਿੰਦਾ, ਹਰਦੇਵ ਸਿੰਘ ਪੰਚ, ਹਰਦੇਵ ਸਿੰਘ ਪੰਚ, ਸਾਧੂ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਜਗਤਾਰ ਸਿੰਘ ਪੰਚ, ਬਲਦੇਵ ਸਿੰਘ ਪੰਚ, ਜਸਪ੍ਰੀਤ ਸਿੰਘ ਪੰਚ, ਪ੍ਰਮਿੰਦਰ ਸਿੰਘ, ਰਾਜਵਿੰਦਰ ਸਿੰਘ ਰਾਜਾ, ਗੁਰਦੀਪ ਸਿੰਘ, ਅੰਮਿਰਤਪਾਲ ਸਿੰਘ, ਹਰਵਿੰਦਰ ਸਿੰਘ, ਜਗਤਾਰ ਸਿੰਘ, ਸਾਧੂ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ |