ਹਠੂਰ, 22 ਅਪ੍ਰੈਲ (ਜਸਵਿੰਦਰ ਸਿੰਘ ਛਿੰਦਾ)-ਪਿੰਡ ਡੱਲਾ ਦੀ ਫਿਰਨੀ 'ਤੇ ਸੜਕ ਬਣਾਉਣ ਅਤੇ ਸੀਵਰੇਜ ਪਾਉਣ ਲਈ ਜੋ ਕੰਮ ਆਰੰਭਿਆ, ਉਹ ਅੱਧ ਵਿਚਕਾਰ ਲਟਕ ਜਾਣ ਕਾਰਨ ਪਿਛਲੇ ਢਾਈ ਮਹੀਨੇ ਤੋਂ ਪਿੰਡ ਵਾਸੀਆਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ | ਸੜਕ 'ਤੇ ਮੋਟਾ ਪੱਥਰ ਅਤੇ ਬਹੁਤ ਥਾਈਾ ਉੱਚੀ-ਨੀਂਵੀਂ ਮਿੱਟੀ ਦੇ ਲੱਗੇ ਢੇਰਾਂ, ਸੀਵਰੇਜ ਪਾਉਣ ਦੇ ਪੁੱਟੇ ਡੂੰਘੇ ਟੋਇਆਂ ਕਾਰਨ ਵੱਖ-ਵੱਖ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀਆਂ ਸਕੂਲੀ ਵੈੱਨਾਂ ਵੀ ਏਧਰ ਨਹੀਂ ਆ ਰਹੀਆਂ | ਅਕਸਰ ਹੀ ਕੰਮ 'ਚ ਦੇਰੀ ਹੋਣ ਕਰਕੇ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਗੁਰਦੁਆਰਾ ਸਾਹਿਬ ਜਾਣ ਵਾਲਿਆਂ ਨੂੰ ਵੀ ਦਿੱਕਤਾਂ ਆ ਰਹੀਆਂ ਹਨ | ਪਾਣੀ ਦੀ ਟੈਂਕੀ ਦੇ ਸਪਲਾਈ ਪਾਇਪ ਵੀ ਥਾਂ-ਥਾਂ ਤੋਂ ਟੁੱਟੇ ਜਾਂ ਲੀਕ ਹਨ ਅਤੇ ਚਾਰੇ ਪਾਸੇ ਪਾਣੀ ਭਰਿਆ ਹੋਇਆ | ਇਸ ਸਬੰਧੀ ਜਦ ਸਰਪੰਚ ਗੋਪਾਲ ਸਿੰਘ ਡੱਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੋਈ ਵੀ ਪੰਚਾਇਤ ਪਿੰਡ ਵਾਸੀਆਂ ਦੇ ਭਲੇ ਲਈ ਹੀ ਕੰਮ ਕਰਦੀ ਹੈ, ਪਰ ਸਰਕਾਰੀ ਕੰਮ 'ਚ ਅਕਸਰ ਦੇਰੀ ਹੋਣ ਕਾਰਨ ਮੁਸ਼ਕਿਲ ਖੜ੍ਹੀ ਹੋ ਜਾਂਦੀ ਹੈ | ਪਹਿਲਾਂ ਫੰਡ ਜਾਰੀ ਹੋਣ 'ਚ ਦੇਰੀ ਹੋਈ, ਫਿਰ ਪਾਇਪ ਮਿਲਣ 'ਚ ਅਤੇ ਹੁਣ ਹਾੜ੍ਹੀ ਦੀ ਫ਼ਸਲ ਦੇ ਚੱਲਦੇ ਸੀਜ਼ਨ ਕਾਰਨ ਮਿਸਤਰੀ, ਮਜ਼ਦੂਰਾਂ ਦੀ ਘਾਟ ਆ ਗਈ ਹੈ | ਜਿਸ ਕਰਕੇ ਇਹ ਮੁਸ਼ਕਿਲ ਆਈ ਹੈ, ਪਰ ਹੁਣ ਹਫ਼ਤੇ ਅੰਦਰ ਗੁਰਦੁਆਰਾ ਗੁਰਪੁਰੀ ਨੂੰ ਜਾਂਦੇ ਰਸਤੇ ਨੂੰ ਮੁਕੰਮਲ ਕਰ ਦਿੱਤਾ ਜਾਵੇਗਾ ਅਤੇ ਬਾਕੀ ਅਧੂਰਾ ਪਿਆ ਕੰਮ ਵੀ ਜਲਦੀ ਪੂਰਾ ਕਰ ਦਿੱਤਾ ਜਾਵੇਗਾ | ਸੀਵਰੇਜ਼ ਦੇ ਗਲਤ ਪਾਏ ਜਾਣ ਦੇ ਸਬੰਧੀ ਉਨ੍ਹਾਂ ਕਿਹਾ ਕਿ ਕੁਝ ਗਲੀਆਂ ਨੀਵੀਆਂ ਹੋਣ ਕਾਰਨ ਉਨ੍ਹਾਂ ਦੇ ਸੀਵਰੇਜ ਦੇ ਪਾਣੀ ਦੀ ਮੁਸ਼ਕਿਲ ਆਉਣੀ ਸੀ, ਜਿਸ ਨੂੰ ਧਿਆਨ 'ਚ ਰੱਖਦਿਆਂ ਹੁਣ ਸੀਵਰੇਜ ਦੇ ਪਾਇਪ ਹੋਰ ਡੂੰਘੇ ਪਾਏ ਜਾ ਰਹੇ ਹਨ ਤਾਂ ਜੋ ਕਿਸੇ ਨੂੰ ਵੀ ਬਾਅਦ 'ਚ ਮੁਸ਼ਕਿਲ ਨਾ ਆਵੇ |