ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਚ ਅੰਤਰਰਾਸ਼ਟਰੀ ਧਰਤੀ ਦਿਵਸ ਮਨਾਇਆ
ਅਜੀਤ ਡੈਸਕ
23-04-2026
ਇਸ ਮੌਕੇ ਪਿ੍ੰਸੀਪਲ ਸ੍ਰੀਮਤੀ ਜਸਵੰਤ ਕੌਰ ਢੱਟ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਧਰਤੀ ਸਾਡੀ ਜ਼ਿੰਦਗੀ ਦਾ ਅਟੁੱਟ ਅਧਾਰ ਹੈ ਅਤੇ ਮਨੁੱਖੀ ਜੀਵਨ ਦਾ ਹਰ ਪੱਖ ਇਸ ਨਾਲ ਜੁੜਿਆ ਹੋਇਆ ਹੈ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਵਾਤਾਵਰਣ ਪ੍ਰਦੂਸ਼ਣ, ਜੰਗਲਾਂ ਦੀ ਕਟਾਈ ਅਤੇ ਪਾਣੀ ਦੀ ਘਟਦੀ ਮਾਤਰਾ ਵਰਗੀਆਂ ਸਮੱਸਿਆਵਾਂ ਸਾਡੇ ਸਾਹਮਣੇ ਵੱਡੀ ਚੁਣੌਤੀ ਵਜੋਂ ਖੜ੍ਹੀਆਂ ਹਨ, ਜਿੰਨ੍ਹਾਂ ਦਾ ਹੱਲ ਸਿਰਫ਼ ਸਾਂਝੇ ਉਪਰਾਲਿਆਂ ਨਾਲ ਹੀ ਸੰਭਵ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਰੋਜ਼ਾਨਾ ਜੀਵਨ ਵਿਚ ਛੋਟੇ-ਛੋਟੇ ਕਦਮ ਚੁੱਕ ਕੇ ਜਿਵੇਂ ਕਿ ਰੁੱਖ ਲਗਾਉਣਾ, ਪਾਣੀ ਦੀ ਬੱਚਤ ਕਰਨੀ, ਪਲਾਸਟਿਕ ਦੀ ਵਰਤੋਂ ਘਟਾਉਣੀ ਅਤੇ ਸਫ਼ਾਈ ਦਾ ਖਿਆਲ ਰੱਖਣਾ, ਧਰਤੀ ਦੀ ਸੰਭਾਲ ਵਿਚ ਵੱਡਾ ਯੋਗਦਾਨ ਪਾ ਸਕਦੇ ਹਨ |
ਉਨ੍ਹਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪ ਜਾਗਰੂਕ ਹੋਵੇ ਅਤੇ ਹੋਰਾਂ ਨੂੰ ਵੀ ਵਾਤਾਵਰਣ ਦੀ ਰੱਖਿਆ ਲਈ ਪ੍ਰੇਰਿਤ ਕਰੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਫ਼-ਸੁਥਰਾ ਅਤੇ ਸੁਰੱਖਿਅਤ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ | ਚੇਅਰਮੈਨ ਪ੍ਰਗਟ ਸਿੰਘ ਸੰਘਾ ਅਤੇ ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਨੇ ਵੀ ਇਸ ਮੌਕੇ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਧਰਤੀ, ਰੁੱਖਾਂ ਅਤੇ ਪਾਣੀ ਦੀ ਸੰਭਾਲ ਲਈ ਜਾਗਰੂਕਤਾ ਫੈਲਾਉਣ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਅਜਿਹੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ |