ਚੌਂਕੀਮਾਨ, 22 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਵਿਸ਼ਵ ਧਰਤ ਦਿਵਸ ਅੱਜ ਐੱਮ.ਐੱਲ.ਡੀ. ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿਖੇ ਮਨਾਇਆ ਗਿਆ | ਇਸ ਦੀ ਸ਼ੁਰੂਆਤ ਮੌਕੇ ਸਕੂਲ ਦੇ ਸਕਾਊਟ ਐਂਡ ਗਾਈਡ ਸੈਕਸ਼ਨ ਦੇ ਵਿਦਿਆਰਥੀਆਂ ਅਤੇ ਸੰਸਥਾ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਪੌਦਾ ਲਗਾ ਕੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਰੋਕਣ ਦਾ ਹੋਕਾ ਦਿੱਤਾ | ਸੰਸਥਾ ਦੇ ਪਿ੍ੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਧਰਤੀ ਕੇਵਲ ਮਨੁੱਖ ਦੀ ਹੀ ਨਹੀਂ, ਬਲਕਿ ਜੀਵਾਂ ਤੇ ਪੰਛੀਆਂ ਦੀ ਵੀ ਹੈ, ਪਰ ਧਰਤੀ ਦੇ ਵੱਧ ਰਹੇ ਤਾਪਮਾਨ ਅਤੇ ਪ੍ਰਦੂਸ਼ਣ ਲਈ ਕੇਵਲ ਮਨੁੱਖ ਹੀ ਜ਼ਿੰਮੇਵਾਰ ਹੈ | ਧਰਤੀ ਦੇ ਉੱਪਰ ਅਤੇ ਹੇਠਾਂ ਵੱਧ ਰਹੇ ਪਲਾਸਟਿਕ ਦੇ ਖਤਰੇ ਕਾਰਨ ਮਨੁੱਖ ਤੇ ਜੀਵਾਂ ਦੇ ਜੀਵਨ ਲਈ ਗੰਭੀਰ ਖ਼ਤਰਾ ਪੈਦਾ ਹੋ ਰਿਹਾ ਹੈ | ਪਲਾਸਟਿਕ ਸੈਂਕੜੇ ਸਾਲਾਂ ਤੱਕ ਨਹੀਂ ਗੱਲਦਾ, ਜਿਸ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਦਿਨ-ਬ-ਦਿਨ ਘੱਟਦੀ ਜਾ ਰਹੀ ਹੈ | ਲੋੜ ਤੋਂ ਵੱਧ ਪੈਸਟੀਸਾਈਡ ਦੀ ਵਰਤੋਂ ਕਾਰਨ ਧਰਤੀ ਬਿਮਾਰ ਅਤੇ ਬੰਜ਼ਰ ਹੋ ਰਹੀ ਹੈ | ਪਲਾਸਟਿਕ ਕਾਰਨ ਧਰਤੀ ਰੀਚਾਰਜ ਨਹੀਂ ਹੁੰਦੀ | ਦੁਨੀਆਂ ਦਾ ਹਰ ਵਿਅਕਤੀ ਧਰਤੀ ਤੋਂ ਪੈਦਾ ਕੀਤੇ ਹੋਏ ਅਨਾਜ ਨਾਲ ਹੀ ਜ਼ਿੰਦਾ ਹੈ ਸੋ ਹਰ ਵਿਅਕਤੀ ਨੂੰ ਧਰਤੀ ਦੀ ਸਾਂਭ-ਸੰਭਾਲ ਲਈ ਰੁੱਖ ਲਗਾਉਣੇ ਚਾਹੀਦੇ ਹਨ | ਪਲਾਸਟਿਕ ਅਤੇ ਪੈਸਟੀਸਾਈਡ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਅਤੇ ਵਾਤਾਵਰਣ ਅਤੇ ਤਾਪਮਾਨ ਸੰਤੁਲਨ ਰੱਖਣ ਲਈ ਵਾਤਾਵਰਣ ਸ਼ੁੱਧ ਰੱਖਿਆ ਜਾਵੇ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਚੰਗਾ ਜੀਵਨ ਅਤੇ ਵਾਤਾਵਰਣ ਨੂੰ ਛੱਡ ਸਕੀਏ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਜਸਮਿੰਦਰ ਕੌਰ, ਮੈਡਮ ਦਲਵੀਰ ਕੌਰ ਅਤੇ ਮੈਡਮ ਅੰਮਿ੍ਤਪਾਲ ਕੌਰ ਹਾਜ਼ਰ ਸਨ |