ਮੁੱਲਾਂਪੁਰ-ਦਾਖਾ, 22 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਧਰਤੀ ਦਿਵਸ ਨੂੰ ਸਮਰਪਿਤ ਸਮਾਗਮ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਦੀ ਨਜ਼ਰਸਾਨੀ ਹੇਠ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਵਿਚਕਾਰ ਭਾਸ਼ਣ ਮੁਕਾਬਲਿਆਂ ਦੇ ਨਾਲ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ | ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਧਰਤੀ ਦਿਵਸ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਉਂਦਿਆਂ ਦੱਸਿਆ ਧਰਤੀ ਦਿਵਸ ਮਨਾਉਂਦਿਆਂ 5 ਦਹਾਕੇ ਤੋਂ ਵੱਧ ਸਮਾਂ ਬੀਤ ਗਏ, ਇਨ੍ਹਾਂ ਵਰਿ੍ਹਆਂ ਵਿੱਚ ਪੂਰੀ ਮਨੁੱਖਤਾ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਣ ਦੁਆਰਾ ਪੈਦਾ ਹੋਏ ਖਤਰੇ ਤੋਂ ਜਾਗਰੂਕ ਹੋ ਚੁੱਕੀ ਹੈ, ਫਿਰ ਵੀ ਅਜੇ ਅਸੀਂ ਪ੍ਰਦੂਸ਼ਣ ਫੈਲਾਉਣੋ ਨਹੀਂ ਹਟੇ | ਉਨ੍ਹਾਂ ਦੱਸਿਆ ਕਿ ਆਪਣੇ ਹਿੱਤਾਂ ਖਾਤਰ ਅੱਜ ਕੁਦਰਤੀ ਵਸੀਲਿਆ ਨੂੰ ਮਧੋਲਿਆ ਜਾ ਰਿਹਾ, ਜੋ ਬੇਹੱਦ ਘਾਤਕ ਹੈ, ਸਾਡੀ ਹੌਂਦ ਲਈ ਕੁਦਰਤੀ ਵਸੀਲਿਆ ਧਰਤੀ, ਹਵਾ, ਪਾਣੀ ਨੂੰ ਬਚਾਉਣ ਦੀ ਬੇਹੱਦ ਲੋੜ ਹੈ | ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਵਿਖੇ ਧਰਤੀ ਦਿਵਸ ਸਮਾਰੋਹ ਮੌਕੇ ਵੱਖੋ-ਵੱਖ ਹਾਊਸ ਦੇ ਵਿਦਿਆਰਥੀਆਂ ਧਰਤੀ ਹੇਠਲੇ ਖਣਿਜ਼ ਜਿਵੇਂ ਕੋਲਾ, ਸੰਸਾਰ ਭਰ ਦੇ ਤੇਲ, ਜਲ-ਸੋਮਿਆ ਬਾਰੇ ਅੰਕੜਿਆ ਨਾਲ ਦੱਸਦਿਆ ਕਿਹਾ ਕਿ ਜੇਕਰ ਧਰਤੀ ਦੀ ਸੰਭਾਲ ਨਾ ਹੋਈ ਤਾਂ ਕਈ ਚੁਣੌਤੀਆ ਉੱਭਰਨਗੀਆ | ਇਸ ਮੌਕੇ ਵਿਦਿਆਰਥੀਆਂ ਨੇ ਧਰਤੀ ਨੂੰ ਹਰਿਆ-ਭਰਿਆ ਰੱਖਣ ਲਈ ਫ਼ਲਦਾਰ ਅਤੇ ਛਾਂ-ਦਾਰ ਬੂਟੇ ਵੀ ਲਗਾਏ |