ਜਗਰਾਉਂ, 22 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਕੇਂਦਰ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਵਲੋਂ ਦੇਸ਼ ਭਰ ਦੇ ਸਰਕਾਰੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ 'ਚ ਪੜ੍ਹਦੇ ਬੱਚਿਆਂ ਨੂੰ ਚੰਗੀ ਖੁਰਾਕ ਅਤੇ ਚੰਗੀ ਸਿਹਤ ਬਾਰੇ ਜਾਣਕਾਰੀ ਦੇਣ ਲਈ 9 ਅਪ੍ਰੈਲ ਤੋਂ 23 ਅਪ੍ਰੈਲ ਤੱਕ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਤਾਂ ਕਿ ਬੱਚਿਆਂ ਨੂੰ ਮੁੱਢ ਤੋਂ ਹੀ ਆਪਣੀ ਸਿਹਤ ਤੇ ਖੁਰਾਕ ਬਾਰੇ ਪਤਾ ਲੱਗ ਸਕੇ | ਇਸ ਅੱਠਵੇਂ ਪੋਸ਼ਣ ਪਖਵਾੜੇ ਤਹਿਤ ਲੁਧਿਆਣਾ ਜ਼ਿਲ੍ਹੇ 'ਚ ਵੀ ਵੱਖ-ਵੱਖ ਵਿਭਾਗਾਂ ਵਲੋਂ ਇਹ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ | ਪੰਜਾਬ ਸਰਕਾਰ ਦੀ ਅਗਵਾਈ ਹੇਠ ਸ਼ੁਰੂ ਇਸ ਪੰਦਰਵਾੜੇ ਦਾ ਮਕਸਦ ਬੱਚਿਆਂ ਖਾਸ ਕਰਕੇ ਲੜਕੀਆਂ ਵਿਚ ਸਿਹਤ ਜਾਗਰੂਕਤਾ ਵਧਾਉਣਾ ਹੈ ਤਾਂ ਕਿ ਲੜਕੀਆਂ ਵੱਡੀਆਂ ਹੋ ਕੇ ਆਪਣੀ ਜ਼ਿੰਮੇਵਾਰੀ ਨਾਲ ਚੰਗੀ ਖੁਰਾਕ ਅਤੇ ਸਿਹਤ ਵੱਲ ਧਿਆਨ ਦੇਣ ਤਾਂ ਕਿ ਪਰਿਵਾਰ ਤੰਦਰੁਸਤ ਰਹਿ ਸਕੇ | ਇਸ ਸਬੰਧੀ ਗੁਰਤੇਜ ਸਿੰਘ ਵਲੋਂ ਜਗਰਾਉਂ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਸਰੀਰ ਦੀ ਸਾਫ਼-ਸਫ਼ਾਈ ਰੱਖਣ, ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਲਈ ਪ੍ਰੇਰਿਤ ਕੀਤਾ ਗਿਆ ਤਾਂ ਕਿ ਬੱਚੇ ਬਿਮਾਰੀਆਂ ਤੋਂ ਬਚੇ ਰਹਿਣ | ਗੁਰਤੇਜ ਸਿੰਘ ਨੇ ਕਿਹਾ ਕਿ ਲੁਧਿਆਣਾ ਜ਼ਿਲ੍ਹੇ 'ਚ ਪੰਜ ਕਮੇਟੀਆਂ ਬਣਾਈਆਂ ਗਈਆਂ ਹਨ ਜੋ ਕਿ ਸਕੂਲਾਂ, ਆਂਗਨਵਾੜੀ ਸੈਂਟਰਾਂ 'ਚ ਬੱਚਿਆਂ ਜਾ ਕੇ ਜਾਗਰੂਕ ਕਰ ਰਹੀਆਂ ਹਨ | ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਦਾ ਮਕਸਦ ਮਾਤਾ ਅਤੇ ਬੱਚਿਆਂ ਦੀ ਸਿਹਤ ਦਾ ਖਿਆਲ ਰੱਖਣਾ, ਕੁਪੋਸ਼ਣ ਘਟਾਉਣਾ, ਲੋਕਾਂ ਨੂੰ ਸੰਤੁਲਿਤ ਖੁਰਾਕ ਦੇਣਾ, ਸਫ਼ਾਈ ਤੇ ਸਿਹਤ ਬਾਰੇ ਜਾਗਰੂਕ ਕਰਨਾ ਹੈ | ਜਗਰਾਉਂ ਇਹ ਜਾਗਰੂਕ ਕੈਂਪ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ, ਸਿਟੀ ਮਿਸ਼ਨ ਮੈਨੇਜਰ ਗੁਰਤੇਜ ਸਿੰਘ, ਕਮਿਊਨਟੀ ਆਰਗੇਨਾਈਜ਼ਰ ਪ੍ਰਵੀਨ ਸਿੰਘ, ਪਿ੍ੰਸੀਪਲ ਹਰਵਿੰਦਰ ਸਿੰਘ, ਐੱਸ.ਐੱਫ.ਓ. ਸਤਿੰਦਰਪਾਲ ਸਿੰਘ ਇੰਚਾਰਜ, ਇੰਚਾਰਜ ਅਮਨਦੀਪ ਕੌਰ ਦੀ ਅਗਵਾਈ 'ਚ ਲਗਾਇਆ ਗਿਆ |