ਸਿੱਧਵਾਂ ਬੇਟ, 22 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਫਿਰੋਜ਼ਪੁਰ ਤੋਂ ਵਾਇਆ ਧਰਮਕੋਟ-ਸਿੱਧਵਾਂ ਬੇਟ ਲੁਧਿਆਣਾ ਜਾਣ ਵਾਲੀ ਅਤੇ ਡਿਫੈਂਸ ਰੋਡ ਨਾਲ ਜਾਂਦੀ ਸੜਕ ਜੋ ਜ਼ਿਲ੍ਹਾ ਲੁਧਿਆਣਾ ਦੇ ਜ਼ਿਲ੍ਹਾ ਮੋਗਾ ਦੀ ਹੱਦ 'ਤੇ ਪੈਂਦੇ ਪਿੰਡ ਪੱਤੀ ਮੁਲਤਾਨੀ ਤੋਂ ਲੁਧਿਆਣਾ ਤੱਕ ਪੂਰੀ ਤਰ੍ਹਾਂ ਟੁੱਟੀ ਪਈ ਸੀ ਅਤੇ ਲੋਕ ਇਹ ਮਹਿਸੂਸ ਕਰਦੇ ਸਨ ਕਿ ਇਸ ਸੜਕ ਵਿਚ ਟੋਏ ਨਹੀਂ ਸਗੋਂ ਟੋਇਆਂ ਵਿਚ ਹੀ ਸੜਕ ਬਣੀ ਹੋਈ ਹੈ | ਪਰ ਵਾਰ-ਵਾਰ 'ਅਜੀਤ ਅਖਬਾਰ' ਦੀਆਂ ਸੁਰਖੀਆਂ ਬਣੀ ਸੜਕ ਹੁਣ ਸਿੱਧਵਾਂ ਬੇਟ ਤੋਂ ਲੁਧਿਆਣਾ ਤੱਕ ਤਾਂ ਬਣ ਗਈ ਹੈ ਪਰ ਸਿੱਧਵਾਂ ਬੇਟ ਤੋਂ ਪੱਤੀ ਮੁਲਤਾਨੀ ਤੱਕ ਅਜੇ ਵੀ ਬਣਨੀ ਬਾਕੀ ਹੈ | ਜਿਸ ਨਾਲ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਾੜੀ ਦਾ ਸੀਜ਼ਨ ਹੋਣ ਕਾਰਨ ਕਿਸਾਨ ਵੀਰਾਂ ਨੂੰ ਆਪਣੀਆਂ ਕਣਕ ਨਾਲ ਭਰੀਆਂ ਟਰਾਲੀਆਂ ਲੰਘਾਉਣ ਲਈ ਹੋਰ ਪਾਸੇ ਦੀ ਲੰਘਣਾ ਪੈਂਦਾ ਹੈ | ਭਾਵੇਂ ਸੜਕ ਲਾਗਲੇ ਪਿੰਡਾਂ ਦੇ ਲੋਕ ਵੀ ਬੜੇ ਲੰਬੇ ਸਮੇਂ ਤੋਂ ਆਸ ਲਗਾਈ ਬੈਠੇ ਹਨ ਕਿ ਕਰੀਬ 10 ਕਿਲੋਮੀਟਰ ਵਾਲੀ ਸੜਕ 'ਤੇ ਜਲਦੀ ਪ੍ਰੀਮਿਕਸ ਪੈ ਜਾਵੇਗੀ ਪਰ ਹੁਣ ਇਸ ਸੜਕ 'ਤੇ ਜਲਦੀ ਪ੍ਰੀਮਿਕਸ ਪੈਣ ਦੀ ਉਮੀਦ ਉਸ ਸਮੇਂ ਵਿਖਾਈ ਦਿੱਤੀ, ਜਦੋਂ ਸਾਡੇ ਪੱਤਰਕਾਰ ਵਲੋਂ ਲੋਕ ਨਿਰਮਾਣ ਵਿਭਾਗ ਪੁਲ ਤੇ ਸੜਕਾਂ ਦੇ ਸਥਾਨਿਕ ਜੂਨੀਅਰ ਇੰਜਨੀਅਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਸੜਕ 'ਤੇ ਇਕ ਹਫ਼ਤੇ ਬਾਅਦ ਪ੍ਰੀਮਿਕਸ ਪੈਣੀ ਸ਼ੁਰੂ ਹੋ ਜਾਵੇਗੀ | ਉਨ੍ਹਾਂ ਆਖਿਆ ਕਿ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਵਾਲੀ ਕੰਪਨੀ ਜੇ.ਕੇ.ਐੱਫ. ਕੋਨ ਵਲੋਂ ਸਰਾਭਾ-ਰਾਏਕੋਟ ਵਾਲੀ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰੰਮ ਚੱਲ ਰਿਹਾ ਹੈ ਜੋ ਸ਼ਾਇਦ ਇਕ ਹਫ਼ਤੇ ਤੱਕ ਖ਼ਤਮ ਹੋ ਜਾਵੇਗਾ | ਉਪਰੰਤ ਸਿੱਧਵਾਂ ਬੇਟ-ਪੱਤੀ ਮੁਲਤਾਨੀ ਵਾਲੀ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਹੋਵੇਗਾ | ਇਸੇ ਦੌਰਾਨ ਕਿਸਾਨ ਆਗੂ ਜੋਗਿੰਦਰ ਸਿੰਘ ਢਿੱਲੋਂ, ਪ੍ਰਧਾਨ ਕੁਲਦੀਪ ਸਿੰਘ ਗਿੱਲ, ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਪ੍ਰਧਾਨ ਪਰਮਿੰਦਰ ਸਿੰਘ ਟੂਸਾ, ਸਾਬਕਾ ਸੰਮਤੀ ਮੈਂਬਰ ਅਵਤਾਰ ਸਿੰਘ ਕਾਕੜ ਅਤੇ ਸਾਬਕਾ ਸਰਪੰਚ ਜਗਜੀਤ ਸਿੰਘ ਕਾਕੜ ਨੇ ਮੰਗ ਕੀਤੀ ਕਿ ਸਾਡੇ ਇਲਾਕੇ ਨੂੰ ਲਾਰੇ ਲੱਪਿਆਂ ਵਿਚ ਨਾ ਰੱਖਿਆ ਜਾਵੇ ਅਤੇ ਜਲਦੀ ਇਸ ਸੜਕ 'ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕੀਤਾ ਜਾਵੇ |