29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਹਵਨ ਦੀ ਪਵਿੱਤਰ ਜੋਤ ਨਾਲ ਗੂੰਜ ਉੱਠੀ ਕਾਲਜ ਯੱਗਸ਼ਾਲਾ

Ad Position 21
No active advertisement
ਅਜੀਤ ਡੈਸਕ 23-04-2026
ਰਾਏਕੋਟ, 22 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਨਾਮਵਰ ਵਿੱਦਿਅਕ ਸੰਸਥਾ ਸੁਆਮੀ ਗੰਗਾ ਗਿਰੀ ਜਨਤਾ ਗਰਲਜ਼ ਕਾਲਜ ਰਾਏਕੋਟ ਦੀ ਯੱਗਸ਼ਾਲਾ ਅੱਜ ਉਸ ਸਮੇਂ ਪਵਿੱਤਰ ਧੁਨੀ ਨਾਲ ਗੂੰਜ ਉੱਠੀ, ਜਦੋਂ ਕਾਲਜ ਪ੍ਰਬੰਧਨ, ਪਿ੍ੰਸੀਪਲ ਮੈਡਮ ਡਾ: ਰਜਨੀ ਬਾਲਾ, ਸਟਾਫ਼ ਅਤੇ ਵਿਦਿਆਰਥਣਾਂ ਨੇ ਰਲ-ਮਿਲ ਕੇ ਸਾਲਾਨਾ ਪ੍ਰੀਖਿਆਵਾਂ ਤੋਂ ਪਹਿਲਾਂ ਹਵਨ ਯੱਗ ਦਾ ਆਯੋਜਨ ਕੀਤਾ | ਇਹ ਸਮਾਗਮ ਵਿਦਿਆਰਥਣਾਂ ਦੀ ਪ੍ਰੀਖਿਆ ਵਿਚ ਸਫ਼ਲਤਾ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਨੂੰ ਸਮਰਪਿਤ ਸੀ | ਇਸ ਪਵਿੱਤਰ ਸਮਾਗਮ ਵਿਚ ਆਰੀਆ ਪ੍ਰਤੀਨਿਧੀ ਸਭਾ ਪੰਜਾਬ ਦੀ ਮੀਤ ਪ੍ਰਧਾਨ ਸ੍ਰੀਮਤੀ ਰਾਜੇਸ਼ ਉਚੇਚੇ ਤੌਰ 'ਤੇ ਹਾਜ਼ਰ ਹੋਏ | ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ੍ਰੀ ਰਾਜਿੰਦਰ ਕੌੜਾ, ਜਨਰਲ ਸਕੱਤਰ ਸ੍ਰੀ ਸੁਨੀਲ ਕੁਮਾਰ ਸ਼ਰਮਾ, ਰਮੇਸ਼ ਸੋਬਤੀ, ਮੁਕੇਸ਼ ਕੌੜਾ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਹਾਜ਼ਰ ਹੋਏ | ਸਮਾਗਮ ਦਾ ਸਭ ਤੋਂ ਭਾਵਪੂਰਤ ਅਤੇ ਅਹਿਮ ਪਲ ਉਦੋਂ ਆਇਆ ਜਦੋਂ ਸ੍ਰੀ ਮੁਕੇਸ਼ ਕੌੜਾ ਵਲੋਂ ਕਾਲਜ ਦੀਆਂ ਹੁਸ਼ਿਆਰ ਅਤੇ ਆਰਥਿਕ ਤੌਰ 'ਤੇ ਲੋੜਵੰਦ ਵਿਦਿਆਰਥਣਾਂ ਨੂੰ ਆਰਥਿਕ ਸਹਾਇਤਾ ਭੇਟ ਕੀਤੀ | ਉਨ੍ਹਾਂ ਵਲੋਂ ਇਹ ਉਪਰਾਲਾ ਆਪਣੇ ਪਿਤਾ ਸਵ: ਸ੍ਰੀ ਰਮੇਸ਼ ਕੌੜਾ (ਸਾਬਕਾ ਪ੍ਰਧਾਨ ਕਾਲਜ ਕਮੇਟੀ) ਦੀ ਨਿੱਘੀ-ਮਿੱਠੀ ਯਾਦ ਨੂੰ ਸਮਰਪਿਤ ਕੀਤਾ | ਇਸ ਭਾਵ-ਭਿੰਨੀ ਸ਼ਰਧਾਂਜਲੀ ਨੇ ਹਾਜ਼ਰ ਸਭਨਾਂ ਦੇ ਦਿਲਾਂ ਨੂੰ ਛੂਹ ਲਿਆ | ਕੌੜਾ ਪਰਿਵਾਰ ਨੇ ਸਮੂਹ ਬੱਚਿਆਂ ਨੂੰ ਰਿਫਰੈਸਮੈਂਟ ਵੀ ਦਿੱਤੀ ਅਤੇ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਅਸ਼ੀਰਵਾਦ ਦਿੱਤਾ | ਇਸ ਮੌਕੇ ਸ੍ਰੀਮਤੀ ਰਾਜੇਸ਼ ਨੇ ਸੰਬੋਧਨ ਕਰਦਿਆਂ ਹੱਵਨ ਯੱਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਵੇਦਾਂ ਵਿਚ ਯੱਗ ਨੂੰ ਸਰਵਉੱਚ ਕਰਮ ਮੰਨਿਆ ਗਿਆ ਹੈ ਅਤੇ ਇਹ ਸਿਰਫ਼ ਇਕ ਧਾਰਮਿਕ ਰਸਮ ਨਹੀਂ, ਬਲਕਿ ਇਕ ਵਿਗਿਆਨਕ ਪ੍ਰਕਿਰਿਆ ਹੈ ਜੋ ਵਾਯੂਮੰਡਲ ਨੂੰ ਸ਼ੁੱਧ ਕਰਦੀ ਹੈ ਅਤੇ ਮਨ ਨੂੰ ਸਕਾਰਾਤਮਕ ਊਰਜਾ ਨਾਲ ਭਰਦੀ ਹੈ | ਉਨ੍ਹਾਂ ਵੇਦਾਂ ਤੋਂ ਗਿਆਨ ਦਾ ਸਰਲ ਭਾਸ਼ਾ ਵਿਚ ਜ਼ਿਕਰ ਕਰਦਿਆਂ ਦੱਸਿਆ ਕਿ ਸਾਡੇ ਰਿਸ਼ੀ-ਮੁਨੀਆਂ ਨੇ ਹਜ਼ਾਰਾਂ ਸਾਲ ਪਹਿਲਾਂ ਹੀ ਸਿੱਧ ਕੀਤਾ ਸੀ ਕਿ ਯੱਗ ਨਾਲ ਨਾ ਸਿਰਫ਼ ਕੁਦਰਤ, ਬਲਕਿ ਮਨੁੱਖ ਦਾ ਮਨ ਅਤੇ ਬੁੱਧੀ ਵੀ ਨਿਰਮਲ ਹੁੰਦੀ ਹੈ | ਸ੍ਰੀਮਤੀ ਰਾਜੇਸ਼ ਜੀ ਨੇ ਵਿਦਿਆਰਥਣਾਂ ਨੂੰ ਖਾਸ ਤੌਰ 'ਤੇ ਕਿਹਾ ਕਿ ਉਹ ਆਪਣੀ ਜਿੰਦਗੀ ਵਿਚ ਸੰਸਕਾਰਾਂ ਨੂੰ ਸਭ ਤੋਂ ਉੱਚਾ ਸਥਾਨ ਦੇਣ ਕਿਉਂਕਿ ਸਿੱਖਿਆ ਗਿਆਨ ਦਿੰਦੀ ਹੈ ਪਰ ਸੰਸਕਾਰ ਹੀ ਇਕ ਇਨਸਾਨ ਨੂੰ ਸੱਚਾ ਇਨਸਾਨ ਬਣਾਉਂਦੇ ਹਨ | ਉਨ੍ਹਾਂ ਕਿਹਾ ਕਿ ਅੱਜ ਦੀਆਂ ਧੀਆਂ ਹੀ ਕੱਲ੍ਹ ਦੇ ਸਮਾਜ ਦੀ ਨੀਂਹ ਹਨ ਅਤੇ ਜੇ ਉਹ ਸੰਸਕਾਰਵਾਨ ਹੋਣਗੀਆਂ ਤਾਂ ਸਾਰਾ ਪਰਿਵਾਰ ਅਤੇ ਸਮਾਜ ਤਰੱਕੀ ਕਰੇਗਾ | ਇਸ ਸਮੇਂ ਪਿ੍ੰਸੀਪਲ ਡਾ: ਰਜਨੀ ਬਾਲਾ ਨੇ ਆਪਣੇ ਸੰਬੋਧਨ ਵਿਚ ਇਸ ਸਮਾਗਮ ਦੀ ਮਹੱਤਤਾ ਬਾਰੇ ਦੱਸਿਆ ਅਤੇ ਵਿਦਿਆਰਥਣਾਂ ਨੂੰ ਮਿਹਨਤ ਨਾਲ ਪ੍ਰੀਖਿਆ ਦੇਣ ਦੀ ਪ੍ਰੇਰਨਾ ਦਿੱਤੀ |
ਇਸ ਮੌਕੇ ਪ੍ਰਧਾਨ ਸ੍ਰੀ ਰਾਜਿੰਦਰ ਕੌੜਾ ਨੇ ਵੀ ਆਪਣੇ ਸੰਬੋਧਨ ਵਿਚ ਵਿਦਿਆਰਥਣਾਂ ਦਾ ਹੌਂਸਲਾ ਵਧਾਇਆ | ਇਸ ਮੌਕੇ ਸਵ: ਸ੍ਰੀ ਰਮੇਸ਼ ਕੌੜਾ ਦੇ ਪੋਤੇ ਨਿਸ਼ਚੈ ਕੌੜਾ ਨੇ ਆਪਣੇ ਦਾਦਾ ਜੀ ਨੂੰ ਯਾਦ ਕੀਤਾ ਅਤੇ ਉਨ੍ਹਾਂ ਵਲੋਂ ਦਰਸਾਏ ਕਦਮਾਂ 'ਤੇ ਚੱਲਣ ਵਾਲੇ ਬੱਚਿਆਂ ਨੂੰ ਸੁਭਕਾਮਨਾਵਾਂ ਦਿੱਤੀਆਂ | ਸਮਾਗਮ ਦੀ ਸਮਾਪਤੀ ਸਮੇਂ ਜਨਰਲ ਸਕੱਤਰ ਸ੍ਰੀ ਸੁਨੀਲ ਸ਼ਰਮਾ ਨੇ ਸਭ ਪੁੱਜੇ ਪਤਵੰਤਿਆਂ ਦਾ ਧੰਨਵਾਦ ਕੀਤਾ | ਯੱਗਸ਼ਾਲਾ ਵਿਚ ਉੱਠਦੀ ਪਵਿੱਤਰ ਅੱਗ ਅਤੇ ਓਮ ਦੀ ਗੂੰਜ ਨੇ ਸਾਰੇ ਵਾਤਾਵਰਣ ਨੂੰ ਅਧਿਆਤਮਿਕ ਊਰਜਾ ਨਾਲ ਭਰ ਦਿੱਤਾ | ਇਹ ਸਮਾਗਮ ਕਾਲਜ ਦੀ ਉਸ ਪਰੰਪਰਾ ਦਾ ਹਿੱਸਾ ਹੈ ਜੋ ਸਿੱਖਿਆ, ਸੰਸਕਾਰ ਅਤੇ ਸੇਵਾ ਨੂੰ ਇਕ ਸਾਥ ਜੋੜਦੀ ਹੈ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਮੰਡੀਆਂ ਵਿਚ ਖ਼ਰੀਦ ਸਮੇਤ ਲਿਫ਼ਟਿੰਗ ਦੇ ਕੰਮ 'ਚ ਤੇਜ਼ੀ ਲਿਆਵੇ-ਖ਼ਾਲਸਾ ਅਗਲੀ ਖ਼ਬਰ ਸਿੱਧਵਾਂ ਬੇਟ ਤੋਂ ਪੱਤੀ ਮੁਲਤਾਨੀ ਤੱਕ ਜਾਂਦੀ ਸੜਕ 'ਤੇ ਇਕ ਹਫ਼ਤੇ ਤੱਕ ਪ੍ਰੀਮਿਕਸ ਪੈਣ ਦੀ ਉਮੀਦ ਜਾਗੀ
Ad Position 24