ਬਿਕਰਮਜੀਤ ਸਿੰਘ ਖ਼ਾਲਸਾ ਨੇ ਦਾਣਾ ਮੰਡੀ ਰਾਏਕੋਟ ਵਿਖੇ ਲਿਫ਼ਟਿੰਗ ਸੰਬੰਧੀ ਮੰਡੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਸੁਣੀਆਂ
ਅਜੀਤ ਡੈਸਕ
24-04-2026
ਰਾਏਕੋਟ, 23 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਰਾਏਕੋਟ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮਜ਼ਦੂਰਾਂ ਵਲੋਂ ਬਿਕਰਮਜੀਤ ਸਿੰਘ ਖ਼ਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕੋਲ ਮਾਮਲਾ ਉਠਾਇਆ | ਇਸ ਮੌਕੇ ਮੰਡੀ ਮਜ਼ਦੂਰਾਂ ਵਲੋਂ ਬਿਕਰਮਜੀਤ ਸਿੰਘ ਖ਼ਾਲਸਾ ਨੂੰ ਲਿਫਟਿੰਗ ਨਾ ਹੋਣ ਦੀ ਸਮੱਸਿਆ ਦਾ ਮਾਮਲਾ ਦੱਸਦਿਆਂ ਆਖਿਆ ਕਿ ਪੰਜਾਬ ਸਰਕਾਰ ਵਲੋਂ ਕਣਕ ਦੇ ਖ਼ਰੀਦ ਪ੍ਰਬੰਧ ਮਾੜੇ ਹਨ ਅਤੇ ਖ਼ਰੀਦ ਏਜੰਸੀਆਂ ਵਲੋਂ ਬਾਰਦਾਨਾ ਦੇਣ ਵਿਚ ਵੀ ਆਨਾਕਾਨੀ ਕੀਤੀ ਜਾ ਰਹੀ ਹੈ, ਜਿਸ ਕਰਕੇ ਕਿਸਾਨਾਂ ਨੂੰ ਮੰਡੀਆਂ ਵਿਚ ਕਣਕ ਦੀ ਫ਼ਸਲ ਵੇਚਣ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨਾਂ ਆਖਿਆ ਕਿ ਕਣਕ ਦੀ ਲਿਫ਼ਟਿੰਗ ਦਾ ਪ੍ਰਬੰਧ ਆੜਤੀਆਂ ਕੋਲ ਹੁੰਦਾ ਹੈ, ਜਿੰਨਾਂ ਵਲੋਂ ਗੱਡੀਆਂ ਲੋਡ ਕਰ ਦਿੱਤੀਆਂ ਜਾਂਦੀਆਂ ਹਨ, ਜਦਕਿ ਗੁਦਾਮਾਂ ਵਿਚ ਭਰੇ ਟਰੱਕਾਂ ਨੂੰ ਅਨਲੋਡ ਕਰਨ ਲਈ ਮਜ਼ਦੂਰਾਂ ਦੀ ਵੱਡੀ ਘਾਟ ਹੈ ਜਿਸ ਕਰਕੇ ਰੋਜ਼ਾਨਾ 1-2 ਗੱਡੀਆਂ ਹੀ ਹਰੇਕ ਦੁਕਾਨ ਤੋਂ ਲੋਡਿੰਗ ਕਰਦੀਆਂ ਹਨ | ਉਨਾਂ ਦੱਸਿਆ ਕਿ ਗੁਦਾਮਾਂ ਵਿਚ ਟਰੱਕਾਂ ਦੇ ਵੱਡੇ-ਵੱਡੇ ਜਾਮ ਲੱਗੇ ਖੜੇ ਹਨ, ਜੇਕਰ ਅਣਲੋਡਿੰਗ ਲਈ ਲੇਬਰ ਦਾ ਪ੍ਰਬੰਧ ਨਾ ਕੀਤਾ ਗਿਆ ਆਉਣ ਵਾਲੇ ਦਿਨਾਂ ਵਿਚ ਉਹ ਸਰਦਾਰ ਹਰੀ ਸਿੰਘ ਨਲੂਆ ਚੌਂਕ ਰਾਏਕੋਟ ਵਿਖੇ ਚੱਕਾ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਹੋਵੇਗੀ | ਉਨਾਂ ਇਹ ਵੀ ਦੱਸਿਆ ਕਿ ਲਿਫਟਿੰਗ ਘੱਟ ਹੋਣ ਕਰਕੇ ਮੰਡੀ ਮਜ਼ਦੂਰ ਵਿਹਲੇ ਬੈਠੇ ਹਨ, ਜਿੰਨਾਂ ਦਾ ਦਿਨੋ-ਦਿਨ ਖਰਚਾ ਵਧ ਰਿਹਾ ਹੈ | ਉਨਾਂ ਆਖਿਆ ਕਿ ਜਲਦ ਤੋਂ ਜਲਦ ਕਣਕ ਦੀ ਲੋਡਿੰਗ ਕਰਵਾ ਕੇ ਉਨਾਂ ਨੂੰ ਮੰਡੀ ਵਿਚੋਂ ਫਾਰਗ ਕਰਵਾਇਆ ਜਾਵੇ | ਇਸ ਮੌਕੇ ਬਿਕਰਮਜੀਤ ਸਿੰਘ ਖ਼ਾਲਸਾ ਨੇ ਮੰਡੀ ਮਜ਼ਦੂਰਾਂ ਦੀ ਮੰਗ ਨੂੰ ਸਵੀਕਾਰ ਕਰਦਿਆਂ ਭਰੋਸਾ ਦਿਵਾਇਆ ਕਿ ਉਹ ਡਿਪਟੀ ਕਮਿਸ਼ਨਰ ਲੁਧਿਆਣਾ ਨਾਲ ਇਸ ਮੁੱਦੇ ਉੱਪਰ ਗੱਲਬਾਤ ਕਰਨਗੇ ਤਾਂ ਜੋ ਮੰਡੀ ਮਜ਼ਦੂਰਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ | ਇਸ ਮੌਕੇ ਆੜਤੀਆ ਐਸੋਸੀਏਸ਼ਨ ਰਾਏਕੋਟ ਦੇ ਪ੍ਰਧਾਨ ਸੰਜੀਵ ਕੁਮਾਰ ਬੌਵਾ ਗੋਇਲ, ਗੁਰਜੀਤ ਜੰਡ, ਸ਼ਿਵ ਕੁਮਾਰ, ਟਿੰਕਾ ਗਰਗ, ਸਤਨਾਮ ਸਿੰਘ ਖ਼ਾਲਸਾ, ਰਸ਼ਵੀਰ ਸਿੰਘ, ਗੁਰਪ੍ਰੀਤ ਸਿੰਘ ਬੌਬੀ, ਕੁਲਦੀਪ ਸਿੰਘ, ਗੁਰਬਖਸ਼ ਸਿੰਘ ਕਾਲਾ, ਬੱਬੀ ਸਿੰਘ, ਭਿੰਦੀ ਸਿੰਘ ਆਦਿ ਹਾਜ਼ਰ ਸਨ |