ਵਿਸ਼ਵ ਧਰਤੀ ਦਿਵਸ ਮਨਾਉਣ ਸਮੇਂ ਧਰਤੀ ਨੂੰ ਸਾਫ਼-ਸੁਥਰਾ ਰੱਖਣ ਪ੍ਰਤੀ ਜਾਗਰੂਕਤਾ ਰੈਲੀ ਕੱਢੀ
ਅਜੀਤ ਡੈਸਕ
24-04-2026
ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਆਪਣੇ ਸੰਬੋਧਨ 'ਚ ਪਿ੍ੰਸੀਪਲ ਮੈਡਮ ਕਨਿਕਾ ਸੱਚਦੇਵਾ ਨੇ ਕਿਹਾ ਕਿ ਧਰਤੀ ਸਾਡੀ ਮਾਂ ਹੈ ਅਤੇ ਇਸ ਦੀ ਸੰਭਾਲ ਕਰਨਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿਉਂਕਿ ਧਰਤੀ ਨੇ ਸਾਨੂੰ ਸਾਡੇ ਰਹਿਣ ਅਨੁਕੂਲ ਵਾਤਾਵਰਨ ਦਿੱਤਾ ਹੈ ਤੇ ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਧਰਤੀ ਦਿਵਸ ਮਨਾਏ ਜਾਣ ਸਮੇਂ ਅੱਜ ਸਹੁੰ ਖਾਈਏ ਕਿ ਅਸੀਂ ਧਰਤੀ ਨੂੰ ਪ੍ਰਦੂਸ਼ਿਤ ਨਹੀਂ ਹੋਣ ਦੇਵਾਂਗੇ | ਪਿ੍ੰ: ਸੱਚਦੇਵਾ ਨੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ 'ਚ ਰੁੱਖ ਲਗਾਉਣ, ਪਾਣੀ ਦੀ ਬੱਚਤ ਕਰਨ ਅਤੇ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਧਰਤੀ ਦਿਵਸ 'ਤੇ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਨੂੰ ਸਕੂਲ ਦੇ ਡਾਇਰੈਕਟਰ ਜਸਵੀਰ ਸਿੰਘ ਥਿੰਦ ਵਲੋਂ ਝੰਡੀ ਦਿਖਾਕੇ ਰਵਾਨਾ ਕੀਤਾ | ਰੈਲੀ ਦਾ ਨੂਰਪੁਰ ਬੇਟ ਵਿਖੇ ਪੁੱਜਣ 'ਤੇ ਪਿੰਡ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ | ਰੈਲੀ ਸਮੇਂ ਨੂਰਪੁਰ ਬੇਟ ਵਿਖੇ ਵਿਦਿਆਰਥੀਆਂ ਵਲੋਂ ਇਕ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥੀਆਂ ਵਲੋਂ ਧਰਤੀ ਦੀ ਦੁੱਖਭਰੀ ਹਾਲਤ ਨੂੰ ਦਰਸਾਇਆ ਗਿਆ ਤੇ ਧਰਤੀ ਦੀ ਸੰਭਾਲ ਕਰਨ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣ ਦਾ ਹੋਕਾ ਦਿੱਤਾ ਗਿਆ ਤੇ 'ਧਰਤੀ ਕਰੇ ਪੁਕਾਰ' ਨਾਮਕ ਨਾਟਕ ਨੇ ਸਭ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ | ਵਿਦਿਆਰਥੀਆਂ ਨੇ ਜਿੱਥੇ ਧਰਤੀ ਦਿਵਸ 'ਤੇ ਪਿੰਡ ਨੂਰਪੁਰ ਬੇਟ ਵਿਖੇ ਪੌਦੇ ਲਗਾਏ ਉੱਥੇ ਲੋਕਾਂ ਨੂੰ ਬੂਟੇ ਵੰਡੇ ਗਏ ਅਤੇ ਵਾਤਾਵਰਨ ਬਚਾਉਣ ਸਬੰਧੀ ਸੁੰਦਰ ਸੰਦੇਸ਼ ਦਿੱਤਾ | ਅੰਤ ਵਿਚ ਸਭ ਨੇ ਇਹ ਸੰਕਲਪ ਲਿਆ ਕਿ ਉਹ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣਗੇ ਅਤੇ ਵਾਤਾਵਰਣ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨਗੇ ਤਾਂ ਜੋ ਧਰਤੀ ਤੇ ਵੱਧ ਰਹੇ ਪ੍ਰਦੂਸ਼ਣ ਨੂੰ ਘਟਾਇਆ ਜਾ ਸਕੇ |