ਰਾਏਕੋਟ, 23 ਅਪ੍ਰੈਲ (ਸੁਸ਼ੀਲ)-ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਸਿੰਘ ਨੇ ਅੱਜ ਰਾਏਕੋਟ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਮੌਕੇ ਉਨਾਂ ਦੇ ਨਾਲ ਵੱਖ-ਵੱਖ ਕਿਸਾਨ ਆਗੂ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੰਡੀ ਵਿਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵਲੋਂ ਖ਼ਰੀਦ ਦੇ ਕੀਤੇ ਗਏ ਦਾਅਵੇ ਜ਼ਮੀਨੀ ਪੱਧਰ 'ਤੇ ਫੇਲ ਸਾਬਿਤ ਹੋ ਰਹੇ ਹਨ | ਉਨਾਂ ਕਿਹਾ ਕਿ ਮੰਡੀਆਂ ਵਿਚ ਬਾਰਦਾਨੇ ਦੀ ਘਾਟ ਅਤੇ ਲਿਫ਼ਟਿੰਗ ਦੀ ਸੁਸਤ ਰਫ਼ਤਾਰ ਕਾਰਨ ਕਿਸਾਨ ਕਈ-ਕਈ ਦਿਨਾਂ ਤੋਂ ਮੰਡੀਆਂ ਵਿਚ ਬੈਠਣ ਲਈ ਮਜ਼ਬੂਰ ਹਨ | ਇਸ ਮੌਕੇ ਉਨਾਂ ਕਣਕ ਦੀ ਕੀਤੀ ਜਾ ਰਹੀ ਤੁਲਾਈ ਅਤੇ ਕੰਡਿਆਂ ਦੀ ਜਾਂਚ ਵੀ ਕੀਤੀ | ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਖ਼ਰੀਦੀ ਗਈ ਫ਼ਸਲ ਦੀ ਲਿਫਟਿੰਗ ਤੁਰੰਤ ਕਰਵਾਈ ਜਾਵੇ ਤਾਂ ਜੋ ਨਵੀਂ ਆ ਰਹੀ ਫ਼ਸਲ ਲਈ ਜਗਾ ਬਣ ਸਕੇ | ਇਸ ਤੋਂ ਇਲਾਵਾ ਸਰਕਾਰ ਕਿਸਾਨਾਂ ਦੇ ਖਾਤਿਆਂ ਵਿਚ ਫ਼ਸਲ ਦੀ ਅਦਾਇਗੀ ਸਮੇਂ ਸਿਰ ਯਕੀਨੀ ਬਣਾਵੇ | ਕਿਸਾਨ ਆਗੂ ਮਨਪ੍ਰੀਤ ਸਿੰਘ ਸਿੱਧੂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿਚ ਖ਼ਰੀਦ ਪ੍ਰਕਿਰਿਆ ਵਿਚ ਤੇਜ਼ੀ ਨਾ ਲਿਆਂਦੀ ਗਈ ਅਤੇ ਕਿਸਾਨਾਂ ਦੀ ਖੱਜਲ-ਖੁਆਰੀ ਬੰਦ ਨਾ ਹੋਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਤੋਂ ਗੁਰੇਜ਼ ਨਹੀਂ ਕਰੇਗੀ | ਇਸ ਮੌਕੇ ਉਨਾਂ ਨਾਲ ਸਾਬਕਾ ਜ਼ਿਲਾ ਪ੍ਰਧਾਨ ਤਰਲੋਚਨ ਸਿੰਘ, ਮਨਦੀਪ ਸਿੰਘ ਯੂਥ ਪ੍ਰਧਾਨ, ਰਣਵੀਰ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਰਣਜੀਤ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ |