ਹੰਬੜਾਂ, 23 ਅਪ੍ਰੈਲ (ਮੇਜਰ ਹੰਬੜਾਂ)-ਪੰਥਕਾ ਧਿਰਾਂ ਨੂੰ ਇਕ ਪਲੇਟਫਾਰਮ 'ਤੇ ਇਕੱਠੇ ਕਰਨ ਲਈ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਹੋਏ ਗੱਠਜੋੜ ਉਪਰੰਤ ਵਿਧਾਨ ਸਭਾ ਹਲਕਾ ਦਾਖਾ 'ਚ ਲਗਾਤਾਰ ਜਿੱਤਾਂ ਦਰਜ ਕਰਦੇ ਆ ਰਹੇ ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਦੇ ਪੰਥਕ ਏਕਤਾ ਕਮੇਟੀ ਦੇ ਕਨਵੀਨਰ ਬਣਨ ਨਾਲ ਹਰ ਪਾਸੇ ਪੰਥਕ ਲਹਿਰ ਜ਼ੋਰ ਫੜ੍ਹਨ ਲੱਗੀ ਹੈ ਤੇ ਖਾਸ ਕਰਕੇ ਹਲਕਾ ਦਾਖਾ 'ਚ ਸ: ਇਯਾਲੀ ਦੀ ਅਗਵਾਈ ਹੇਠ ਵੱਡੀ ਗਿਣਤੀ ਲੋਕ ਇਸ ਲਹਿਰ ਦਾ ਹਿੱਸਾ ਬਣ ਰਹੇ ਹਨ | ਇਹ ਪ੍ਰਗਟਾਵਾ ਸਾਬਕਾ ਸਰਪੰਚ ਗੁਰਬਚਨ ਸਿੰਘ ਬੀਰਮੀ ਨੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਵਲੋਂ ਸੂਬੇ ਦੇ ਭਲੇ ਲਈ ਪੰਥਕ ਪਾਰਟੀਆਂ ਨੂੰ ਇਕ ਪਲੇਟਫਾਰਮ 'ਤੇ ਲਿਆਉਣ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕੀਤਾ | ਸਾਬਕਾ ਸਰਪੰਚ ਬੀਰਮੀ ਨੇ ਹੋਰ ਕਿਹਾ ਕਿ ਅੱਜ ਹਲਕਾ ਦਾਖਾ 'ਚ ਲੋਕਾਂ ਵਲੋਂ ਜਿਸ ਤਰ੍ਹਾਂ ਨਾਲ ਵਿਧਾਇਕ ਇਯਾਲੀ ਦੇ ਕਨਵੀਨਰ ਬਣਨ 'ਤੇ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਹਰ ਪਾਸੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਇਸ ਤੋਂ ਸਾਫ਼ ਹੁੰਦਾ ਹੈ ਕਿ ਸੂਬੇ 'ਚ ਪੰਥਕ ਲਹਿਰ ਬਹੁਤ ਜਲਦ ਸ਼ਿਖਰਾਂ 'ਤੇ ਹੋਵੇਗੀ ਤੇ ਲੋਕ ਵੱਡੀ ਗਿਣਤੀ 'ਚ ਪੰਥਕ ਲਹਿਰ ਦਾ ਹਿੱਸਾ ਬਣਨਗੇ ਤੇ 2027 'ਚ ਸੂਬੇ 'ਚ ਲੋਕ ਵੱਡਾ ਬਦਲਾਅ ਲਿਆਉਣਗੇ | ਇਸ ਮੌਕੇ ਉਨ੍ਹਾਂ ਨਾਲ ਜਗਵੰਤ ਸਿੰਘ ਜੱਗਾ ਈਸੇਵਾਲ, ਹਰਵਿੰਦਰ ਸਿੰਘ ਬਿੰਦਰ ਬੀਰਮੀ, ਬਲਜੋਤ ਸਿੰਘ ਗਰੇਵਾਲ, ਗੁਰਜੋਤ ਸਿੰਘ ਬੀਰਮੀ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ, ਨੰਬਰਦਾਰ ਰਣਜੀਤ ਸਿੰਘ ਭੰਗੂ, ਹਰਪਾਲ ਸਿੰਘ ਭੰਗੂ ਸਮੇਤ ਹੋਰ ਵਰਕਰ ਵੀ ਮੌਜੂਦ ਸਨ |