ਮੁੱਲਾਂਪੁਰ-ਦਾਖਾ, 23 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ, ਸਾਹਮਣੇ ਹਵੇਲੀ ਨੈਸ਼ਨਲ ਹਾਈਵੇ ਭਨੋਹੜ (ਲੁਧਿ:) ਦੇ ਵਿਦਿਆਰਥੀਆਂ ਵਿਸ਼ਵ ਧਰਤੀ ਦਿਵਸ 'ਤੇ ਕੁਦਰਤ ਦੀ ਰਚਨਾ ਧਰਤੀ ਦੇ ਅਦਬ 'ਚ ਕਈ ਪੋਸਟਰ ਉਲੀਕੇ ਅਤੇ ਆਪਣੇ ਦਿਲ ਦੀਆਂ ਭਾਵਨਾਵਾਂ ਪੇਸ਼ ਕੀਤੀਆਂ | ਸਕੂਲ ਪਿ੍ੰਸੀਪਲ ਸੀ.ਕੇ. ਯੀਜਾ ਨੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡਾ ਕੁਦਰਤੀ ਸੰਸਾਰ ਕੀੜਿਆਂ, ਫੁੱਲਾਂ, ਬੂਟਿਆਂ, ਜੰਗਲੀ ਜੀਵਾਂ, ਜੰਗਲੀ ਪਰਬਤਾਂ, ਨਦੀਆਂ, ਜਲਕੁੰਡਾਂ ਬਿਨਾਂ ਅਧੂਰਾ ਹੈ | ਅਸੀਂ ਧਰਤੀ ਨਾਲ ਬੇਜਾਨ ਮਸ਼ੀਨ ਵਾਂਗ ਵਿਵਹਾਰ ਕਰ ਰਹੇ ਹਾਂ | ਧਰਤੀ ਉਤਲੇ ਜੰਗਲਾਂ ਦੀ ਸਾਂਭ-ਸੰਭਾਲ ਹੋਵੇ ਜਾਂ ਹੇਠਲੇ ਜਲ ਸੋਮੇ, ਮਨੁੱਖ ਸਾਰਿਆਂ ਨਾਲ ਛੇੜਛਾੜ ਕਰ ਰਿਹਾ | ਪੀਸ ਪਬਲਿਕ ਸਕੂਲ ਵਿਦਿਆਰਥੀਆਂ ਵਲੋਂ ਪਲਾਸਟਿਕ ਦੀ ਵਰਤੋਂ ਨੂੰ ਰੋਕਣ, ਪ੍ਰਦੂਸ਼ਣ ਦੀ ਰੋਕਥਾਮ, ਪਾਣੀ ਦੀ ਸੰਭਾਲ, ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਕੁਦਰਤ ਨਾਲ ਸਾਂਝ ਪਾਉਣ ਦੀ ਗੱਲ ਕੀਤੀ | ਬਾਲਵਾਟਿਕਾ ਅਤੇ ਪਰਵੇਸ਼ ਵਾਟਿਕਾ ਕਲਾਸਾਂ ਦੇ ਵਿਦਿਆਰਥੀਆਂ ਨੇ 'ਧਰਤੀ ਦਾ ਸਤਰੰਗੀ ਬਾਗ਼' ਸਿਰਲੇਖ ਵਾਲਾ ਇਕ ਰੰਗੀਨ ਅਤੇ ਅਰਥਪੂਰਨ ਪ੍ਰਦਰਸ਼ਨ ਪੇਸ਼ ਕੀਤਾ | ਫੁੱਲਾਂ, ਤਿਤਲੀਆਂ, ਰੁੱਖਾਂ, ਬੱਦਲਾਂ ਅਤੇ ਸੂਰਜ ਦੇ ਰੂਪ ਵਿਚ ਸਜੇ ਛੋਟੇ ਵਿਦਿਆਰਥੀਆਂ ਨੇ ਧਰਤੀ ਮਾਤਾ ਨੂੰ ਪਿਆਰ ਕਰਨ ਅਤੇ ਉਨਾਂ ਦੀ ਰੱਖਿਆ ਕਰਨ ਦਾ ਸੰਦੇਸ਼ ਸੁੰਦਰਤਾ ਨਾਲ ਦਿੱਤਾ | ਅੱਠਵੀਂ ਜਮਾਤ ਵਿਦਿਆਰਥੀਆਂ ਵਲੋਂ ਪੂਰਾ ਹਫਤਾ ਧਰਤੀ ਨੂੰ ਸਮਰਪਿਤ ਬੈਜ ਲਗਾ ਕੇ ਰੱਖੇ ਅਤੇ ਧਰਤੀ ਦੀ ਸੰਭਾਲ ਸਬੰਧੀ ਛੋਟਾ ਜਿਹਾ ਨਾਟਕ ਪੇਸ਼ ਕੀਤਾ |