ਮੁੱਲਾਂਪੁਰ-ਦਾਖਾ, 27 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਪਿਛਲੇ ਕਈ ਦਿਨਾਂ ਤੋਂ ਚਰਚਾ ਵਿਚ ਸਰਕਾਰ ਦੀ ਰੇਤ ਮਾਫੀਆ ਨਾਲ ਮਿਲੀਭੁਗਤ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਹਰਜਿੰਦਰ ਸਿੰਘ ਬੌਬੀ ਗਰਚਾ ਵਲੋਂ ਮੰਡੀ ਮੁੱਲਾਂਪੁਰ 'ਚ ਪ੍ਰੈੱਸ ਕਾਨਫਰੰਸ ਕਰਕੇ ਹਲਕਾ ਦਾਖਾ ਦੇ ਪਿੰਡ ਗੋਰਸੀਆਂ ਰੇਤ ਖੱਡ 'ਤੇ ਹੋ ਰਹੀ ਲੁੱਟ-ਖਸੁੱਟ ਦਾ ਸਾਰਾ ਦੋਸ਼ ਸਰਕਾਰ 'ਤੇ ਮੜਿ੍ਹਆ | ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਗਰਚਾ ਮੰਗ ਕੀਤੀ ਕਿ ਦਰਿਆ ਸਤਲੁਜ ਵਿਚਲੀਆਂ ਰੇਤ ਖੱਡਾਂ ਨੂੰ ਲੈ ਕੇ ਪਿਆ ਰੌਲਾ ਤੁਰੰਤ ਹੱਲ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਪਿੰਡ ਮਧੇਪੁਰ ਇਕ ਕਿਸਾਨ ਦੀ ਜ਼ਮੀਨ 'ਚੋਂ ਧੱਕੇ ਨਾਲ ਟਿੱਪਰ ਲੰਘਾਏ ਜਾ ਰਹੇ ਹਨ | ਗਰਚਾ ਕਿਹਾ ਕਿ ਉਕਤ ਰੇਤ ਖੱਡ ਨੂੰ ਪੰਜਾਬ ਸਰਕਾਰ ਦਾ ਇਕ ਨੁਮਾਇੰਦਾ ਗੈਰ-ਕਾਨੂੰਨੀ ਦੱਸ ਰਿਹਾ, ਜਦ ਕਿ ਇਸ ਖੱਡ ਦੀ ਆਰੰਭਤਾ ਮੁੱਖ ਮੰਤਰੀ ਪੰਜਾਬ ਵਲੋਂ ਕੀਤੀ ਗਈ ਸੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਵਲੋਂ ਚੋਣਾਂ ਤੋਂ ਪਹਿਲਾਂ ਇਹ ਦਾਅਵੇ ਕੀਤੇ ਗਏ ਸਨ ਕਿ ਰੇਤ 'ਚੋਂ ਹਜ਼ਾਰ ਕਰੋੜ ਰੁਪਏ ਕਮਾ ਕੇ ਸੂਬੇ ਦੇ ਵਿਕਾਸ 'ਤੇ ਖਰਚਾਂਗੇ, ਪਰ ਇਹ ਵਿਕਾਸ ਹੁਣ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ | ਹਰਜਿੰਦਰ ਸਿੰਘ ਗਰਚਾ ਨਾਲ ਬੈਠੇ ਦਲੇਰ ਸਿੰਘ ਗਿੱਲ, ਗੁਰਪਿੰਦਰ ਸਿੰਘ ਬਿੱਲਾ, ਨਰਿੰਦਰ ਸਿੰਘ ਲਾਡੀ ਚਾਹਲ ਕਿਹਾ ਕਿ ਸੱਤ੍ਹਾਧਾਰੀ ਸਰਕਾਰ ਦੀ ਸ਼ਹਿ 'ਤੇ ਰੇਤ ਮਾਫੀਆ ਵਲੋਂ ਕੁੱਟਮਾਰ ਦਾ ਸ਼ਿਕਾਰ ਕਿਸਾਨ ਨੂੰ ਇਨਸਾਫ਼ ਨਾ ਮਿਲਿਆ ਤਾਂ 5 ਮਈ ਰੇਤ ਖੱਡ ਨੇੜੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਬੁਲਾਰੇ ਹਰਜਿੰਦਰ ਸਿੰਘ ਗਰਚਾ ਦੀ ਅਗਵਾਈ ਹੇਠ ਧਰਨਾ ਦਿੱਤਾ ਜਾਵੇਗਾ |