ਰਾਏਕੋਟ, 27 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੀਟੂ ਦੇ ਸੂਬਾਈ ਮੀਤ ਪ੍ਰਧਾਨ ਤੇ ਭਾਰਤੀ ਮਿਸਤਰੀ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 'ਆਪ' ਦੇ 7 ਸੰਸਦ ਮੈਂਬਰਾਂ ਵਲੋਂ ਭਾਜਪਾ ਵਿਚ ਸ਼ਾਮਿਲ ਹੋਣ ਬਾਰੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਚ ਸ਼ਮੂਲੀਅਤ ਕਰਨ ਤੋਂ ਪਹਿਲਾਂ ਆਪਣੀ ਸੰਸਦ ਦੀ ਮੈਂਬਰਸ਼ਿਪ ਤੋਂ ਅਸਤੀਫੇ ਦੇਣੇ ਚਾਹੀਦੇ ਸਨ | ਰਾਜਨੀਤਕ ਇਖਲਾਕ ਅਤੇ ਜਮਹੂਰੀ ਭਾਵਨਾਂ ਇਹੀ ਮੰਗ ਕਰਦੀ ਹੈ | ਸੀਟੂ ਆਗੂਆਂ ਨੇ ਕਿਹਾ ਕਿ ਠੀਕ ਹੈ ਕਿਸੇ ਵੀ ਕਾਰਨ ਕਰਕੇ ਉਨ੍ਹਾਂ ਦਾ 'ਆਪ' ਪਾਰਟੀ ਤੋਂ ਜੇਕਰ ਮੋਹ ਭੰਗ ਹੋ ਗਿਆ ਸੀ ਤਾਂ ਉਹ ਕਿਸੇ ਵੀ ਹੋਰ ਪਾਰਟੀ ਵਿਚ ਜਾਣ ਲਈ ਹੱਕਦਾਰ ਹਨ ਪ੍ਰੰਤੂ ਜਿੰਨ੍ਹਾਂ ਭਾਜਪਾ ਵਿਰੋਧੀ ਲੋਕਾਂ ਜਾਂ ਵਿਧਾਇਕਾਂ ਨੇ ਉਨ੍ਹਾਂ ਨੂੰ ਚੁਣਿਆ ਸੀ, ਉਨ੍ਹਾਂ ਦੀ ਭਾਵਨਾਵਾਂ ਦੀ ਕਦਰ ਕਰਨਾ ਅਤੇ ਆਪਣੀ ਸੰਸਦ ਮੈਂਬਰੀਆਂ ਉੱਤੇ ਬੈਠੇ ਰਹਿਣਾ ਤਾਂ ਲੋਕ ਪ੍ਰਤੀਨਿਧਤਾ ਨਹੀਂ ਰਹਿ ਜਾਂਦੀ | ਸੀਟੂ ਉਕਤ ਆਗੂਆਂ ਦੇ ਲੁੱਕੇ ਹੋਏ ਜਾਂ ਪ੍ਰਤੱਖ ਨਿੱਜੀ ਜਾਂ ਵਪਾਰਿਕ ਹਿੱਤਾਂ ਉੱਤੇ ਕੋਈ ਟਿੱਪਣੀ ਨਾ ਕਰਦੇ ਹੋਏ ਉਨ੍ਹਾਂ ਤੋਂ ਮੰਗ ਕਰਦੀ ਹੈ ਕਿ ਉਹ ਹੁਣ ਵੀ ਘੱਟੋ-ਘੱਟ ਜਮਹੂਰੀਅਤ ਦੀ ਲਾਜ ਰੱਖਦੇ ਹੋਏ ਸੰਸਦ ਦੀ ਮੈਂਬਰਸ਼ਿਪ ਤੋਂ ਫੌਰੀ ਅਸਤੀਫੇ ਦੇਣ |