'ਆਪ' ਸਰਕਾਰ ਵਲੋਂ ਸਿੱਖਿਆ 'ਚ ਸੁਧਾਰ ਦੇ ਦਾਅਵੇ ਮਹਿਜ਼ ਡਰਾਮਾ-ਡਾ. ਰਾਜਿੰਦਰ ਸ਼ਰਮਾ
ਅਜੀਤ ਡੈਸਕ
28-04-2026
ਜਗਰਾਉਂ, 27 ਅਪ੍ਰੈਲ (ਵਿਨੋਦ ਕੁਮਾਰ)-ਭਾਜਪਾ ਦੇ ਜ਼ਿਲਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਜਿੱਥੇ ਪੁਰਾਣੇ ਬਣੇ ਸਕੂਲਾਂ ਨੂੰ ਰੰਗ ਕਰ ਕੇ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਸਿੱਖਿਆ ਖੇਤਰ ਵਿਚ ਦਿੱਲੀ ਮਾਡਲ ਲਿਆ ਕੇ ਸਿੱਖਿਆ ਦਾ ਮਿਆਰ ਉੱਚਾ ਕੀਤਾ ਹੈ ਪਰ ਜਗਰਾਉਂ 'ਚ ਸੱਚਾਈ ਇਸ ਦੇ ਬਿਲਕੁਲ ਉਲਟ ਹੈ | ਉਨ੍ਹਾਂ ਕਿਹਾ ਕਿ ਜਗਰਾਉਂ ਵਿਖੇ ਪਿਛਲੇ ਇਕ ਸਾਲ ਤੋਂ ਪੁਰਾਣੀ ਦਾਣਾ ਮੰਡੀ ਮੰਦਿਰ ਵਾਲੀ ਧਰਮਸ਼ਾਲਾ ਵਿਚ ਜੋ ਸਰਕਾਰੀ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ ਉਹ ਜਗਰਾਉਂ ਆੜ੍ਹਤੀਆ ਐਸੋਸੀਏਸ਼ਨ ਦੇ ਰਹਿਮੋ ਕਰਮ 'ਤੇ ਚੱਲ ਰਿਹਾ ਹੈ ਸਿੱਖਿਆ ਮਹਿਕਮੇ ਕੋਲ ਗਰੀਬ ਲੋਕਾਂ ਦੇ ਲਗਭਗ 160 ਬੱਚਿਆਂ ਨੂੰ ਸਿੱਖਿਆ ਦੇਣ ਲਈ ਆਪਣੀ ਕੋਈ ਜਗ੍ਹਾ ਨਹੀਂ | ਉਨ੍ਹਾਂ ਕਿਹਾ ਕਿ ਸਾਲ 1906 ਤੋਂ ਇਹ ਸਕੂਲ ਪੁਰਾਣੀ ਦਾਣਾ ਮੰਡੀ ਦੇ ਨਹਿਰੂ ਮਾਰਕੀਟ ਵਾਲੇ ਪਾਸੇ ਬਣੇ ਗੇਟ ਦੇ ਉੱਪਰ ਇਕ ਕਮਰੇ ਵਿਚ ਚੱਲ ਰਿਹਾ ਸੀ ਉਸ ਕਮਰੇ ਦੀ ਹਾਲਤ ਪੁਰਾਣਾ ਹੋਣ ਕਰਕੇ ਬਹੁਤ ਖ਼ਰਾਬ ਹੋ ਚੁੱਕੀ ਸੀ ਇਕ ਸਾਲ ਪਹਿਲਾ ਸਮਾਜ ਸੇਵੀ ਸੰਸਥਾਵਾਂ ਵਲੋਂ ਉਸ ਸਮੇਂ ਦੇ ਐੱਸ.ਡੀ.ਐੱਮ. ਦੇ ਧਿਆਨ 'ਚ ਲਿਆਂਦਾ ਗਿਆ ਕਿ ਇਹ ਬਿਲਡਿੰਗ ਕਿਸੇ ਸਮੇਂ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇ ਸਕਦੀ ਹੈ ਤਾਂ ਇਸ ਨੂੰ ਦੇਖਦੇ ਹੋਏ ਸਕੂਲ ਦੋ ਮਹੀਨੇ ਲਈ ਧਰਮਸ਼ਾਲਾ ਵਿਚ ਸ਼ਿਫਟ ਕਰ ਦਿੱਤਾ ਗਿਆ ਪਰ ਅਫ਼ਸੋਸ ਦੀ ਗੱਲ ਹੈ ਕਿ ਇਕ ਸਾਲ ਹੋਣ 'ਤੇ ਵੀ ਸਿੱਖਿਆ ਵਿਭਾਗ ਵਲੋਂ ਸਕੂਲ ਸ਼ਿਫਟ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ | ਭਾਜਪਾ ਆਗੂਆਂ ਨੇ ਦੱਸਿਆ ਕਿ ਸਕੂਲ ਵਿਚ ਮੌਕੇ 'ਤੇ ਹਾਜ਼ਰ ਸਟਾਫ਼ ਨੇ ਦੱਸਿਆ ਕਿ ਸਕੂਲ ਵਿਚ 7 ਅਧਿਆਪਕ ਹਨ, 2 ਦੀ ਬਤੌਰ ਬੀ.ਐੱਲ.ਓ., 4 ਦੀ ਬਤੌਰ ਜਨਗਣਨਾ ਵਿਚ ਡਿਊਟੀ ਲੱਗੀ ਹੈ ਤੇ ਉਹ ਹੀ ਸਕੂਲ ਨੂੰ ਚਲਾ ਰਹੇ ਹਨ | ਭਾਜਪਾ ਆਗੂਆਂ ਨੇ ਪੰਜਾਬ ਸਰਕਾਰ ਵਲੋਂ ਮਿਆਰੀ ਸਿੱਖਿਆ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਹਾ ਕਿ ਸਿੱਖਿਆ ਕ੍ਰਾਂਤੀ ਲਿਆਉਣ ਦਾ ਪ੍ਰਚਾਰ ਕਰਨ 'ਤੇ ਖਰਚਾ ਕਰਨ ਦੀ ਬਜਾਏ 'ਆਪ' ਸਰਕਾਰ ਨੂੰ ਅਸਲ ਵਿਚ ਸਿੱਖਿਆ ਸਹੂਲਤਾਂ ਦੇਣ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਸਮੇਂ ਸਰਕਲ ਪ੍ਰਧਾਨ ਨਵਨੀਤ ਗੁਪਤਾ ਸ਼ਿਸ਼ੂ, ਜਨਰਲ ਸਕਤਰ ਗੌਰਵ ਗੁਪਤਾ ਅਤੇ ਸੌਰਵ ਗਰਗ ਹਾਜ਼ਰ ਸਨ |