ਜਗਰਾਉਂ, 27 ਅਪ੍ਰੈਲ (ਵਿਨੋਦ ਕੁਮਾਰ)-ਮਹਾਂਪ੍ਰਗਿਆ ਸਕੂਲ ਵਿਖੇ ਨਸ਼ਿਆਂ ਵਿਰੁੱਧ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਡੀ. ਐੱਸ. ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਕੈਪਟਨ ਨਰੇਸ਼ ਵਰਮਾ ਨੇ ਹਿੱਸਾ ਲਿਆ | ਸਕੂਲ ਵਿਚ ਪਹੁੰਚਣ 'ਤੇ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਡੀ. ਐੱਸ. ਪੀ. ਜਸਵਿੰਦਰ ਸਿੰਘ ਢੀਂਡਸਾ ਅਤੇ ਕੈਪਟਨ ਨਰੇਸ਼ ਵਰਮਾ ਦਾ ਸਵਾਗਤ ਕੀਤਾ | ਇਸ ਮੌਕੇ ਨਵਪ੍ਰੀਤ ਸਿੰਘ ਨੇ ਮੰਚ ਸੰਭਾਲਿਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ | ਸਕੂਲ ਦੇ ਹਾਲ ਵਿਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡੀ. ਐੱਸ. ਪੀ. ਢੀਂਡਸਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਇਨ੍ਹਾਂ ਤੋਂ ਬਚਣ ਸੰਬੰਧੀ ਬੱਚਿਆਂ ਨੂੰ ਜਾਣਕਾਰੀ ਦਿੱਤੀ | ਉਨ੍ਹਾਂ ਕਿਹਾ ਕਿ ਇਸ ਉਮਰ ਤੋਂ ਹੀ ਬੱਚੇ ਪਹਿਲੀ ਵਾਰ ਕਿਸੇ ਨਾ ਕਿਸੇ ਕਿਸਮ ਦਾ ਨਸ਼ਾ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਫਿਰ ਉਹ ਨਸ਼ਿਆਂ ਦੀ ਦਲਦਲ ਵਿਚ ਫਸਦੇ ਜਾਂਦੇ ਹਨ | ਉਨ੍ਹਾਂ ਬੱਚਿਆਂ ਨੂੰ ਆਪਣੇ ਆਪ ਨੂੰ ਤੇ ਹੋਰਨਾਂ ਨੂੰ ਵੀ ਇੰਨ੍ਹਾਂ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ | ਉਨ੍ਹਾਂ ਬੱਚਿਆਂ ਦੇ ਮਾਪਿਆਂ ਤੇ ਆਂਢੀਆਂ-ਗੁਆਂਢੀਆਂ ਨੂੰ ਵੀ ਨਸ਼ੇ ਤੋਂ ਬਚਣ ਲਈ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਕੈਪਟਨ ਨਰੇਸ਼ ਵਰਮਾ ਨੇ ਵੀ ਬੱਚਿਆਂ ਨੂੰ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿਣ ਅਤੇ ਹੋਰਨਾਂ ਨੂੰ ਵੀ ਨਸ਼ਿਆਂ ਦੇ ਭੈੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਆ | ਅੰਤ ਵਿਚ ਸਕੂਲ ਡਾਇਰੈਕਟਰ ਵਿਸ਼ਾਲ ਜੈਨ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ | ਉਨ੍ਹਾਂ ਆਪਣੇ ਭਾਸ਼ਣ ਵਿਚ ਬੱਚਿਆਂ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਣ ਦੀ ਅਪੀਲ ਕੀਤੀ |