12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਨਗਰ ਕੌਂਸਲ ਜਗਰਾਉਂ ਦੇ ਮੈਂਬਰਾਂ ਦੀ ਕਾਰਜਕਾਰੀ ਮਿਆਦ ਖ਼ਤਮ

Ad Position 21
No active advertisement
ਅਜੀਤ ਡੈਸਕ 29-04-2026
ਜਗਰਾਉਂ, 28 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਦੇ ਚੁਣੇ ਮੈਂਬਰਾਂ ਦੀ ਕਾਰਜਕਾਰੀ ਮਿਆਦ 28 ਅਪ੍ਰੈਲ 2026 ਨੂੰ ਪੂਰੀ ਹੋਣ ਤੋਂ ਬਾਅਦ ਹੁਣ ਜਦ ਤੱਕ ਨਗਰ ਕੌਂਸਲ ਦੇ ਹਾਊਸ ਦਾ ਪੁਨਰਗਠਨ ਨਹੀਂ ਹੋ ਜਾਂਦਾ ਤਦ ਤੱਕ ਇਸ ਦੀਆਂ ਸਾਰੀਆਂ ਸ਼ਕਤੀਆਂ ਅਤੇ ਜ਼ਿੰਮੇਵਾਰੀਆਂ ਉੱਪ ਮੰਡਲ ਮੈਜਿਸਟ੍ਰੇਟ ਜਗਰਾਉਂ ਨਿਭਾਉਣਗੇ | ਨਗਰ ਕੌਂਸਲ ਜਗਰਾਉਂ 'ਚ ਸੌੜੀ ਰਾਜਨੀਤੀ ਅਤੇ ਅਫ਼ਸਰਸ਼ਾਹੀ ਦੀ ਇਛਾ ਸ਼ਕਤੀ ਘੱਟ ਹੋਣ ਕਾਰਨ ਪੂਰੇ ਪੰਜ ਸਾਲ ਵਿਕਾਸ ਘੱਟ ਅਤੇ ਇਕ ਦੂਜੇ ਦੀਆਂ ਲੱਤਾਂ ਵੱਧ ਖਿੱਚੀਆਂ ਗਈਆਂ ਹਨ | ਇਸ ਦੌਰਾਨ ਮੈਂਬਰਾਂ ਵਲੋਂ ਆਪਣੇ ਵਾਰਡਾਂ ਵੱਲ ਘੱਟ ਜਦਕਿ ਅਦਾਲਤਾਂ ਵੱਲ ਜ਼ਿਆਦਾ ਗੇੜੇ ਲਾਏ ਹਨ | ਇੰਨ੍ਹਾਂ ਦੀ ਇਸ ਕਾਰਜਗੁਜਾਰੀ ਕਾਰਨ ਸ਼ਹਿਰ ਨਿਵਾਸੀ ਨਰਕ ਭਰਿਆ ਜੀਵਨ ਬਤੀਤ ਕਰ ਰਹੇ ਹਨ | ਜ਼ਿਕਰਯੋਗ ਹੈ ਕਿ 29 ਅਪ੍ਰੈਲ 2021 ਨੂੰ ਨਗਰ ਕੌਂਸਲ ਜਗਰਾਉਂ ਦੇ ਹਾਊਸ 'ਚ ਜਤਿੰਦਰਪਾਲ ਰਾਣਾ ਨੇ ਬਤੌਰ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਨੀਤਾ ਸਭਰਵਾਲ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਕੌਰ ਤੱਤਲਾ ਨੇ ਸਹੁੰ ਚੁੱਕੀ ਸੀ | 2 ਜੂਨ 2023 ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਦੁਬਾਰਾ ਚੋਣ ਹੋਈ ਜਿਸ ਵਿਚ ਅਮਰਜੀਤ ਸਿੰਘ ਮਾਲਵਾ ਸੀਨੀਅਰ ਮੀਤ ਪ੍ਰਧਾਨ ਅਤੇ ਸੁਖਦੇਵ ਕੌਰ ਧਾਲੀਵਾਲ ਮੀਤ ਪ੍ਰਧਾਨ ਚੁਣੇ ਗਏ | 15 ਦਸੰਬਰ 2023 ਨੂੰ ਪੰਜਾਬ ਸਰਕਾਰ ਸਥਾਨਕ ਸਰਕਾਰ ਵਿਭਾਗ ਚੰਡੀਗੜ੍ਹ ਵਲੋਂ ਜਤਿੰਦਰਪਾਣ ਰਾਣਾ ਨੂੰ ਪ੍ਰਧਾਨਗੀ ਤੋਂ ਲਾਹ ਦਿੱਤਾ | ਇਸ ਦੌਰਾਨ 16 ਦਸੰਬਰ 2023 ਤੋਂ 01 ਮਈ 2024 ਤੱਕ ਅਮਰਜੀਤ ਸਿੰਘ ਮਾਲਵਾ ਕਾਰਜਕਾਰੀ ਪ੍ਰਧਾਨ ਰਹੇ | 05 ਅਗਸਤ 2024 ਨੂੰ ਮਾਣਯੋਗ ਹਾਈਕੋਰਟ ਨੇ ਸਰਕਾਰ ਦੇ 15 ਦਸੰਬਰ 2023 ਦੇ ਹੁਕਮਾਂ ਨੂੰ ਰੱਦ ਕਰਕੇ ਪ੍ਰਧਾਨ ਜਤਿੰਦਰਪਾਲ ਰਾਣਾ ਨੂੰ ਬਹਾਲ ਕਰ ਦਿੱਤਾ | ਪ੍ਰਧਾਨ ਰਾਣਾ ਨੇ ਮੁੜ ਬਤੌਰ ਪ੍ਰਧਾਨ ਦਾ ਅਹੁਦਾ 06 ਅਗਸਤ 2024 ਨੂੰ ਸੰਭਾਲ ਲਿਆ | 12 ਮਾਰਚ 2025 ਨੂੰ ਸਰਕਾਰ ਵਲੋਂ ਪ੍ਰਧਾਨ ਰਾਣਾ ਨੂੰ ਪੁਰਾਣੀ ਦਾਣਾ ਮੰਡੀ ਸਥਿਤ ਕਮੇਟੀ ਦੀਆਂ ਦੁਕਾਨਾਂ 'ਤੇ ਨਜਾਇਜ਼ ਕਬਜ਼ੇ ਕਰਵਾਉਣ ਦਾ ਨੋਟਿਸ ਦਿੱਤਾ | 12 ਮਈ 2025 ਨੂੰ ਕੋਈ ਕਾਰਵਾਈ ਕੀਤੇ ਬਿਨ੍ਹਾਂ ਸ਼ਿਕਾਇਤ ਦਾਖਲ ਦਫ਼ਤਰ ਕਰਕੇ ਫਾਈਲ ਨੂੰ ਬੰਦ ਕਰ ਦਿੱਤਾ | 09 ਸਤੰਬਰ 2025 ਨੂੰ ਪੁਰਾਣੀ ਸ਼ਿਕਾਇਤ ਨੂੰ ਦੁਬਾਰਾ ਖੋਲ੍ਹ ਕੇ ਪ੍ਰਧਾਨ ਰਾਣਾ ਨੂੰ ਅਹੁਦੇ ਤੋਂ ਹਟਾ ਦਿੱਤਾ | 19 ਜਨਵਰੀ 2026 ਨੂੰ ਹੋਈ ਚੋਣ ਵਿਚ ਕੰਵਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਜਗਜੀਤ ਸਿੰਘ ਜੱਗੀ ਨੂੰ ਮੀਤ ਪ੍ਰਧਾਨ ਚੁਣਿਆ ਗਿਆ ਜੋ 28 ਅਪ੍ਰੈਲ 2026 ਨੂੰ ਖ਼ਤਮ ਹੋ ਗਿਆ ਹੈ | ਪੰਜਾਬ ਦੀਆਂ 102 ਨਗਰ ਕੌਂਸਲਾਂ ਦਾ ਕਾਰਜਕਾਲ 5 ਅਪ੍ਰੈਲ 2026 ਤੋਂ 17 ਜੂਨ 2026 ਤੱਕ ਵੱਖ-ਵੱਖ ਤਰੀਕਾਂ 'ਚ ਖ਼ਤਮ ਹੋ ਜਾਵੇਗਾ | ਚੌਣ ਕਮਿਸ਼ਨ ਪੰਜਾਬ ਦੇ ਹੁਕਮਾਂ ਅਨੁਸਾਰ ਪੰਜਾਬ ਵਿਚ ਨਵੀਂ ਵਾਰਡਬੰਦੀ ਅਨੁਸਾਰ ਵੋਟਰ ਸੂਚੀ 5 ਮਈ 2026 ਤੱਕ ਤਿਆਰ ਕੀਤੀ ਜਾਵੇਗੀ | ਇਸ ਵਾਰਡਬੰਦੀ ਦੇ ਵੋਟਰਾਂ ਦੀ ਸੂਚੀ ਤੋਂ ਬਾਅਦ ਹੀ ਨਗਰ ਕੌਂਸਲ ਦੀਆਂ ਚੋਣਾਂ ਦਾ ਐਲਾਨ ਕੀਤਾ ਜਾਵੇਗਾ | ਇਸ ਮੌਕੇ ਨਗਰ ਸੁਧਾਰ ਸਭਾ ਦੇ ਆਗੂ ਮਾ: ਅਵਤਾਰ ਸਿੰਘ ਅਤੇ ਕੰਵਲਜੀਤ ਖੰਨਾ ਦਾ ਕਹਿਣਾ ਹੈ ਕਿ ਨਗਰ ਕੌਂਸਲ 'ਚ ਪਿਛਲੇ ਅਰਸੇ ਭਾਵ ਪੰਜ ਸਾਲਾਂ 'ਚ ਬਤੌਰ ਕੌਂਸਲਰ ਇਕ ਦੋ ਨੂੰ ਛੱਡ ਕੇ ਬਾਕੀਆਂ ਨੇ ਤਾਂ ਖ਼ਾਨਾਪੂਰਤੀ ਹੀ ਕੀਤੀ ਹੈ | ਕੌਂਸਲਰ ਆਪਸੀ ਧੜੇਬੰਦੀ ਦਾ ਬੁਰੀ ਤਰ੍ਹਾਂ ਸ਼ਿਕਾਰ ਰਹੇ ਹਨ | ਸੱਤ੍ਹਾਧਾਰੀਆਂ ਨੇ ਆਪਣੀ ਚੌਧਰ ਬਣਾਉਣ ਖਾਤਰ ਸ਼ਹਿਰ ਦੇ ਵਿਕਾਸ ਨੂੰ ਦਾਅ 'ਤੇ ਲਾ ਦਿੱਤਾ ਹੈ | ਸਭ ਤੋਂ ਵੱਡਾ ਮਸਲਾ ਸ਼ਹਿਰ 'ਚ ਕੂੜੇ ਦੀ ਸੰਭਾਲ ਦਾ ਹੈ | ਇਸ ਦਾ ਨਗਰ ਕੌਂਸਲ ਤੋਂ ਕੋਈ ਹੱਲ ਨਾ ਹੋਣ ਕਾਰਨ ਜਗਰਾਉਂ ਸ਼ਹਿਰ ਕੂੜਾ ਨਗਰੀ ਬਣ ਚੁੱਕਾ ਹੈ |
ਸ਼ਹਿਰ 'ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ | ਟ੍ਰੈਫ਼ਿਕ ਵਿਵਸਥਾ ਇਕ ਸਰਾਪ ਬਣ ਚੁੱਕੀ ਹੈ | ਲਾਰੇ ਲਾਉਂਦਿਆਂ ਪੰਜ ਸਾਲ ਲੰਘ ਗਏ ਹਨ | ਹੁਣ ਮੀਹਾਂ ਦੇ ਸਮੇਂ ਸ਼ਹਿਰ 'ਚ ਫਿਰ ਜਲ ਥਲ ਹੋਵੇਗੀ ਜਿਸ ਕਾਰਨ ਪਾਣੀ ਦੀ ਨਿਕਾਸੀ ਇਕ ਵੱਡੀ ਸਮੱਸਿਆ ਬਣੇਗੀ | ਸਫ਼ਾਈ ਤੇ ਸਟਰੀਟ ਲਾਈਟ ਦਾ ਬੇਹੱਦ ਮਾੜਾ ਹਾਲ ਹੈ | ਸ਼ਹਿਰ 'ਚ ਬੇਸਹਾਰਾ ਪਸ਼ੂਆਂ ਖਾਸਕਰ ਬੇਸਹਾਰਾ ਕੁੱਤਿਆਂ ਦਾ ਰਾਜ ਚੱਲ ਰਿਹਾ ਹੈ | ਸੜਕਾਂ ਬੁਰੀ ਤਰ੍ਹਾਂ ਟੁੱਟ ਰਹੀਆਂ ਹਨ ਜਿੰਨ੍ਹਾਂ ਦੇ ਬਣਨ ਦੇ ਕੋਈ ਅਸਾਰ ਨਹੀਂ ਦਿਸ ਰਹੇ ਹਨ | ਇਸ ਮਾੜੀ ਸਥਿਤੀ ਸਬੰਧੀ ਉੱਪਰ ਤੋਂ ਲੈ ਕੇ ਹੇਠਾਂ ਤੱਕ ਮੌਜੂਦਾ ਸਿਸਟਮ 'ਚ ਕੋਈ ਜਵਾਬਦੇਹੀ ਨਹੀਂ ਹੈ | ਸ਼ਹਿਰ ਦੇ ਲੋਕ ਪਿਛਲੀ ਨਗਰ ਕੌਂਸਲ ਦੇ ਕੰਮਕਾਜ ਤੋਂ ਇਸ ਕਦਰ ਪ੍ਰੇਸ਼ਾਨ ਹਨ ਕਿ ਉਹ ਸ਼ੁਕਰ ਕਰਨਗੇ ਕਿ ਇੰਨ੍ਹਾਂ ਤੋਂ ਖਹਿੜਾ ਛੁੱਟਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ੍ਰੀਮਤੀ ਪਾਰਵਤੀ ਦੇਵੀ ਹਸਪਤਾਲ ਨੂੰ ਮਿਲਿਆ ਮਰੀਜ਼ ਮਿੱਤਰਤਾ ਪੁਰਸਕਾਰ <br/> ਅਗਲੀ ਖ਼ਬਰ ਐੱਮ. ਐੱਲ. ਏ. ਇਯਾਲੀ ਵਰਕਰਾਂ ਦੀ ਊਰਜਾ ਤੇ ਜੋਸ਼ ਨਾਲ ਹਰ ਪੰਥਕ ਫ਼ੈਸਲੇ 'ਚ ਹੋ ਰਿਹਾ ਸਫ਼ਲ
Ad Position 24