ਚੌਂਕੀਮਾਨ, 28 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਸ੍ਰੀ ਗੁਰੂੁ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਸਿੱਧਵਾਂ ਖੁਰਦ ਦੀ ਸਿਰਮੌਰ ਸੰਸਥਾ ਖ਼ਾਲਸਾ ਕਾਲਜ ਫ਼ਾਰ ਵਿਮੈਨ ਸਿੱਧਵਾਂ ਖੁਰਦ ਦੇ ਪਿ੍ੰਸੀਪਲ ਡਾ. ਸਤਿੰਦਰ ਕੌਰ ਦੀ ਅਗਵਾਈ ਅਧੀਨ ਆਈ.ਕਿਉ.ਏ. ਸੀ. ਦੇ ਸਹਿਯੋਗ ਨਾਲ 'ਮੈਂਟਲ ਹੈਲਥ' ਵਿਸ਼ੇ 'ਤੇ ਆਨ-ਲਈਨ ਜਾਗਰੂਕਤਾ ਲੈਕਚਰ ਕਰਵਾਇਆ ਗਿਆ | ਇਸ ਸੈਮੀਨਾਰ ਦੇ ਪਹਿਲੇ ਮੁੱਖ ਬੁਲਾਰੇ ਡਾ. ਯਸ਼ਪਾਲ ਆਜ਼ਾਦ, ਐਸੋਸੀਏਟ ਪ੍ਰੋਫ਼ੈਸਰ, ਮਨੋਵਿਗਿਆਨ, ਇਟਰਨਲ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਅਤੇ ਦੂਸਰੇ ਬੁਲਾਰੇ ਬੁਲਾਰੇ ਗੁਰਮੇਲ ਕੌਰ, ਚੀਫ਼ ਮੈਨੇਜਰ ਟ੍ਰੇਨਿੰਗ (ਰਿਟਾ:) ਸਟੇਟ ਬੈਂਕ ਇੰਸਟੀਚਿਊਟ ਆਫ਼ ਲਰਨਿੰਗ ਐਂਡ ਡਿਵੈਲਪਮੈੈਂਟ ਪਟਿਆਲਾ ਸਨ | ਡਾ. ਯਸ਼ਪਾਲ ਆਜ਼ਾਦ ਨੇ 'ਮੈਂਟਲ ਹੈਲਥ' ਜਾਗਰੂਕਤਾ ਵਿਸ਼ੇ ਤੇ ਪੀ.ਪੀ.ਟੀ. ਰਾਹੀਂ ਵਿਚਾਰ ਸਾਂਝੇ ਕਰਦਿਆਂ, ਮਾਨਸਿਕ ਤੰਦੁਰਸਤੀ ਦੀ ਮਨੁੱਖੀ ਜ਼ਿੰਦਗੀ ਵਿਚ ਭੂਮਿਕਾ, ਮਾਨਸਿਕ ਸਿਹਤ ਖ਼ਰਾਬ ਹੋਣ ਦੇ ਕਾਰਨ, ਵਿਭਿੰਨ ਪ੍ਰਕਾਰ ਦੀਆਂ ਕਠਿਨਾਈਆਂ, ਵਿਸ਼ਵ ਪੱਧਰ 'ਤੇ ਮਾਨਸਿਕ ਵਿਕਾਰਾਂ ਦੇ ਅੰਕੜਿਆਂ ਦੀ ਪੇਸ਼ਕਾਰੀ, ਤਕਨਾਲੌਜੀ ਰਾਹੀਂ ਮਾਨਸਿਕ ਸੰਤੁਲਨ ਨੂੰ ਦੁਰਸਤ ਕਰਨ ਦੀਆਂ ਵਿਧੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ | ਉਨ੍ਹਾਂ ਮਨ ਨੂੰ ਸ਼ਾਂਤ ਕਰਨ ਲਈ ਕੁਝ ਵਿਧੀਆਂ ਨੂੰ ਵਿਹਾਰਕ ਰੂਪ ਵਿਚ ਪੇਸ਼ ਕੀਤਾ | ਮੈਡਮ ਗੁਰਮੇਲ ਕੌਰ ਨੇ ਕੰਮ-ਕਾਜੀ ਸਥਾਨਾਂ 'ਤੇ ਆਪਸੀ ਝਗੜਿਆਂ ਦੇ ਕਾਰਨਾਂ ਬਾਰੇ ਦੱਸਦਿਆਂ, ਇਨ੍ਹਾਂ ਸਮੱਸਿਆਵਾਂ ਨੂੰ ਸਮਝਾਉਣ ਦੇ ਵਿਭਿੰਨ ਤਰੀਕਿਆਂ, ਹਮਦਰਦੀ, ਨਿਮਰਤਾ ਅਤੇ ਸਹੀ-ਮਾਰਗਦਰਸ਼ ਅਪਣਾਉਣ ਤੇ ਜ਼ੋਰ ਦਿੱਤਾ | ਉਹਨਾਂ ਵਿਹਾਰਕ ਰੂਪ ਵਿੱਚ ਉਦਾਹਰਨਾਂ ਸਹਿਤ ਆਪਸੀ ਸਮੱਸਿਆਵਾਂ ਨੂੰ ਹੱਲ ਕਰਨ, ਪਰਿਵਾਰਕ ਅਤੇ ਦਫ਼ਤਰੀ ਪੱਧਰ 'ਤੇ ਸਹੀ ਢੰਗ ਨਾਲ ਰਿਸ਼ਤਿਆਂ ਨੂੰ ਨਿਭਾਉਣ ਅਤੇ ਉਚਿੱਤ ਵਾਤਾਵਰਨ ਬਣਾਉਣ ਲਈ ਪ੍ਰੇਰਿਤ ਕੀਤਾ | ਸੈਸ਼ਨ ਦੇ ਅੰਤ ਵਿਚ ਪ੍ਰੋ. ਆਸ਼ੀਸ਼ ਕੁਮਾਰ ਨੇ ਪ੍ਰਮੁੱਖ ਬੁਲਾਰੇ ਦਾ ਧੰਨਵਾਦ ਪ੍ਰਗਟ ਕੀਤਾ | ਇਸ ਆਨਲਾਈਨ ਸੈਸ਼ਨ ਵਿਚ ਅਧਿਆਪਕਾਂ ਤੇ ਵਿਦਿਆਰਥਣਾਂ ਸਹਿਤ ਲਗਪਗ 55 ਬੁਲਾਰਿਆਂ ਨੇ ਭਾਗ ਲਿਆ |