ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਦਾਣਾ ਮੰਡੀ ਬਰ੍ਹਮੀ ਵਿਖੇ ਕਣਕ ਦੀ ਚੁਕਾਈ ਦੀ ਚਾਲ ਬਹੁਤ ਜ਼ਿਆਦਾ ਢਿੱਲੀ ਹੋਣ ਕਾਰਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਮੰਡੀ ਮਜ਼ਦੂਰਾਂ ਦੀ ਹਮਾਇਤ 'ਚ ਅੱਗੇ ਆਈ ਅਤੇ ਪੰਜਾਬ ਸਰਕਾਰ ਤੇ ਮੰਡੀ ਠੇਕੇਦਾਰ ਦੇ ਘਟੀਆ ਖ਼ਰੀਦ ਪ੍ਰਬੰਧਾਂ ਖ਼ਿਲਾਫ਼ ਬਰ੍ਹਮੀ-ਨੂਰਪੁਰਾ ਸੜਕ 'ਤੇ ਧਰਨਾ ਦੇ ਕੇ ਜ਼ਾਮ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ | ਇਸ ਮੌਕੇ ਬੀ.ਕੇ.ਯੂ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਬਰ੍ਹਮੀ ਨੇ ਆਖਿਆ ਕਿ ਪੰਜਾਬ ਸਰਕਾਰ ਕਣਕ ਦੇ ਸੁਚੱਜੇ ਖ਼ਰੀਦ ਪ੍ਰਬੰਧ ਪੂਰੇ ਕਰਨ 'ਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ ਅਤੇ ਚੱਲਦੇ ਸੀਜ਼ਨ ਵਿਚ ਵੀ ਅਨੇਕਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ, ਜਦੋਂ ਕਿ ਹੁਣ ਸੀਜ਼ਨ ਦੀ ਸਮਾਪਤੀ ਹੋਣ ਕਿਨਾਰੇ ਹੈ, ਪ੍ਰੰਤੂ ਮੰਡੀਆਂ 'ਚੋਂ ਕਣਕ ਦੀਆਂ ਬੋਰੀਆਂ ਦੀ ਚੁਕਾਈ ਦਾ ਕੰਮ ਪੂਰੀ ਤਰ੍ਹਾਂ ਪਛੜ ਚੁੱਕਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਮੰਡੀ ਮਜ਼ਦੂਰਾਂ ਨੇ ਉਨ੍ਹਾਂ ਕੋਲ ਮੁੱਦਾ ਉਠਾਇਆ ਹੈ ਕਿ ਕਣਕ ਦੀ ਆਮਦ ਮੰਡੀਆਂ ਵਿਚ ਬੰਦ ਹੋ ਚੁੱਕੀ ਹੈ ਅਤੇ ਸਿਰਫ਼ ਚੁਕਾਈ ਦਾ ਕੰਮ ਅਧੂਰਾ ਹੈ, ਪ੍ਰੰਤੂ ਚੁਕਾਈ ਦੀ ਚਾਲ ਬਹੁਤ ਹੌਲੀ ਹੋਣ ਕਾਰਨ ਲੇਬਰ ਦਾ ਸਾਰਾ ਖ਼ਰਚਾ ਉਨ੍ਹਾਂ ਸਿਰ ਪੈ ਰਿਹਾ ਹੈ | ਇਸ ਤੋਂ ਇਲਾਵਾ ਮੰਡੀ ਵਿਚ ਕਣਕ ਦੀਆਂ ਬੋਰੀਆਂ ਚੋਰੀ ਹੋਣ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ, ਇਸ ਲਈ ਮਜ਼ਦੂਰਾਂ ਦੀ ਸਿਰਦਰਦੀ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ | ਤਰਲੋਚਨ ਸਿੰਘ ਬਰ੍ਹਮੀ ਨੇ ਆਖਿਆ ਕਿ ਜੇਕਰ 24 ਘੰਟਿਆਂ 'ਚ ਸਰਕਾਰ ਤੇ ਖਰੀਦ ਏਜੰਸੀ ਵਲੋਂ ਚੁਕਾਈ ਦੇ ਕੰਮ ਵਿਚ ਤੇਜ਼ੀ ਨਾ ਲਿਆਂਦੀ ਗਈ ਤਾਂ ਉਨ੍ਹਾਂ ਲੁਧਿਆਣਾ-ਸਰਾਭਾ-ਰਾਏਕੋਟ ਰੋਡ ਨੂੰ ਜਾਮ ਕਰਨਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ | ਇਸ ਮੌਕੇ ਖ਼ਜ਼ਾਨਚੀ ਦਲਜੀਤ ਸਿੰਘ ਤੱਤਲਾ, ਬਲਾਕ ਰਾਏਕੋਟ ਦੇ ਪ੍ਰਧਾਨ ਅਵਤਾਰ ਸਿੰਘ ਤੱਤਲਾ, ਸੁਖਦੇਵ ਸਿੰਘ, ਗੁਲਜ਼ਾਰ ਸਿੰਘ, ਰਾਜਿੰਦਰ ਸਿੰਘ ਰਾਜਾ ਲਿੱਤਰਾਂ, ਲੇਬਰ ਯੂਨੀਅਨ ਦੇ ਸੂਬਾਈ ਆਗੂ ਗਿਆਨੀ ਗੁਰਦਿਆਲ ਸਿੰਘ, ਡਾ. ਨਿਰਭੈ ਸਿੰਘ, ਚੌਧਰੀ ਬਲਜਿੰਦਰ ਸਿੰਘ ਕਾਕਾ ਭੈਣੀ ਰੋੜ੍ਹਾ, ਸੁਖਵਿੰਦਰ ਸਿੰਘ ਬਰ੍ਹਮੀ, ਕਰਨਜੀਤ ਸਿੰਘ ਤੱਤਲਾ, ਚੌਧਰੀ ਬੱਬੀ ਸਿੰਘ, ਚੌਧਰੀ ਧਰਮਿੰਦਰ ਸਿੰਘ, ਜਗਰੂਪ ਸਿੰਘ ਬਰ੍ਹਮੀ, ਪਿੰਦਰ ਸਿੰਘ ਬਰ੍ਹਮੀ ਆਦਿ ਹਾਜ਼ਰ ਸਨ |