ਜਗਰਾਉਂ, 4 ਮਈ (ਹਰਵਿੰਦਰ ਸਿੰਘ ਖ਼ਾਲਸਾ)-ਜਗਰਾਉਂ ਦੇ ਵਾਰਡ ਨੰਬਰ 7 (ਅਜੀਤ ਨਗਰ) 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਚਰਮ ਸੀਮਾ 'ਤੇ ਪਹੁੰਚ ਚੁੱਕੀਆਂ ਹਨ | ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡਾ ਸਿਆਸੀ ਦਾਅ ਖੇਡਦਿਆਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਐੱਸ. ਆਰ. ਕਲੇਰ ਦੀ ਅਗਵਾਈ ਹੇਠ ਯੂਥ ਆਗੂ ਸ. ਕਮਲਦੀਪ ਸਿੰਘ (ਮੈਡੀਕਲ ਵਾਲੇ) ਦੀ ਧਰਮਪਤਨੀ ਬੀਬੀ ਹਰਪ੍ਰੀਤ ਕੌਰ ਨੂੰ ਅਧਿਕਾਰਕ ਤੌਰ 'ਤੇ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ | ਉਮੀਦਵਾਰ ਦੇ ਐਲਾਨ ਲਈ ਰੱਖੇ ਗਏ ਵਿਸ਼ਾਲ ਸਮਾਗਮ ਨੇ ਪੂਰੇ ਇਲਾਕੇ ਨੂੰ ਚੋਣੀ ਰੰਗ ਵਿਚ ਰੰਗ ਦਿੱਤਾ | ਸਮਾਗਮ ਦੌਰਾਨ ਮੁਹੱਲਾ ਵਾਸੀਆਂ, ਪਾਰਟੀ ਵਰਕਰਾਂ, ਨੌਜਵਾਨਾਂ ਤੇ ਮਹਿਲਾਵਾਂ ਦੀ ਵੱਡੀ ਭਾਗੀਦਾਰੀ ਨੇ ਇਹ ਦਰਸਾਇਆ ਕਿ ਅਕਾਲੀ ਦਲ ਨੂੰ ਇਸ ਵਾਰਡ 'ਚ ਮਜ਼ਬੂਤ ਜਨ ਸਮਰਥਨ ਮਿਲ ਰਿਹਾ ਹੈ | ਇਸ ਮੌਕੇ ਬੀਬੀ ਹਰਪ੍ਰੀਤ ਕੌਰ ਨੇ ਆਪਣੀ ਗੱਲ ਰੱਖਦਿਆਂ ਕਿਹਾ ਕਿ ਉਹ ਵਾਰਡ ਨੰਬਰ 7 ਦੇ ਹਰ ਘਰ ਦੀ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਨਗੇ | ਇਸ ਦੌਰਾਨ ਐੱਸ. ਆਰ. ਕਲੇਰ ਨੇ ਵੀ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਲੋਕਾਂ ਦੀ ਸੇਵਾ ਲਈ ਵਚਨਬੱਧ ਰਿਹਾ ਹੈ ਤੇ ਇਸ ਵਾਰ ਵੀ ਪਾਰਟੀ ਪੂਰੀ ਤਾਕਤ ਨਾਲ ਮੈਦਾਨ ਵਿਚ ਹੈ | ਉਨ੍ਹਾਂ ਨੇ ਦਾਅਵਾ ਕੀਤਾ ਕਿ ਵਾਰਡ ਨੰਬਰ 7 'ਚ ਅਕਾਲੀ ਦਲ ਦੀ ਜਿੱਤ ਪੱਕੀ ਹੈ ਤੇ ਇਹ ਜਿੱਤ ਵੱਡੇ ਅੰਤਰ ਨਾਲ ਹੋਵੇਗੀ | ਸਮਾਗਮ ਵਿਚ ਨੌਜਵਾਨਾਂ ਦੀ ਵੱਡੀ ਹਾਜ਼ਰੀ ਨੇ ਇਹ ਸੰਕੇਤ ਦਿੱਤਾ ਕਿ ਇਸ ਵਾਰ ਚੋਣਾਂ ਵਿਚ ਯੂਥ ਵੋਟ ਬੈਂਕ ਫ਼ੈਸਲਾਕੁੰਨ ਸਾਬਤ ਹੋ ਸਕਦਾ ਹੈ, ਜਦਕਿ ਮਹਿਲਾਵਾਂ ਦੀ ਸਰਗਰਮ ਭਾਗੀਦਾਰੀ ਵੀ ਪਾਰਟੀ ਲਈ ਹੌਂਸਲਾ ਅਫਜਾਈ ਦਾ ਕਾਰਨ ਬਣੀ | ਇਸ ਮੌਕੇ ਭਿੰਦਰ ਸਿੰਘ, ਬਿੱਕਰ ਸਿੰਘ, ਗੁਰਮੀਤ ਸਿੰਘ, ਡਾ. ਸਰਬਣ ਸਿੰਘ, ਹੰਸ ਗੇਜ, ਦਰਸ਼ਨ ਸਿੰਘ, ਜਗਸੀਰ ਸਿੰਘ, ਸਤਨਾਮ ਸਿੰਘ, ਮੱਖਣ ਸਿੰਘ, ਡਾਕਟਰ ਰਾਏ, ਸ਼ਿੰਦਰ ਸਿੰਘ, ਵੀਰਪਾਲ ਕੌਰ, ਸਿਮਰਜੀਤ ਕੌਰ, ਜਸਮੀਤ ਕੌਰ, ਬਲਜੀਤ ਕੌਰ, ਬਲਜਿੰਦਰ ਕੌਰ, ਕਿਰਨਦੀਪ ਕੌਰ, ਤੇਜ ਕੌਰ, ਸੁਖਪ੍ਰੀਤ ਕੌਰ, ਸਰਨਪ੍ਰੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਬਲਜਿੰਦਰ ਕੌਰ, ਮਨਜੀਤ ਕੌਰ, ਮੁਸਕਾਨ ਕੌਰ ਤੇ ਹੋਰ ਹਾਜ਼ਰ ਸਨ |