ਮੁੱਲਾਂਪੁਰ-ਦਾਖਾ, 20 ਮਈ (ਨਿਰਮਲ ਸਿੰਘ ਧਾਲੀਵਾਲ)-ਦਾਖਾ ਪੁਲਿਸ ਸਬ ਡਵੀਜ਼ਨ ਦੇ ਥਾਣਿਆਂ 'ਚ ਲੁਧਿਆਣਾ ਦਿਹਾਤੀ ਸੀਨੀਅਰ ਪੁਲਿਸ ਕਪਤਾਨ ਡਾ. ਅੰਕੁਰ ਗੁਪਤਾ ਦੇ ਹੁਕਮਾਂ ਹੇਠ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਨੂੰ ਪਿੰਡ-ਪਿੰਡ ਲਿਜਾਣ ਲਈ ਪੁਲਿਸ ਜਿੱਥੇ ਸਪੋਰਟਸ ਅਤੇ ਵੈੱਲਫੇਅਰ ਕਲੱਬਾਂ ਨਾਲ ਜੁੜੇ ਨੌਜਵਾਨਾਂ ਨੂੰ ਨਾਲ ਲੈ ਰਹੀ ਹੈ, ਉੱਥੇ ਪਿੰਡ ਅੰਦਰ ਨੰਬਰਦਾਰ/ਸਰਪੰਚ, ਗ੍ਰਾਮ ਪੰਚਾਇਤ ਮੈਂਬਰ, ਚੌਂਕੀਦਾਰ, ਹੋਰ ਪਤਵੰਤਿਆਂ ਰਾਹੀਂ ਨਸ਼ੇ ਦੀ ਸਮੱਸਿਆ ਦੂਰ ਕਰਨ ਲਈ ਪੁਲਿਸ ਵਲੋਂ ਸਖ਼ਤੀ ਦੇ ਨਾਲ ਲੋਕਾਂ ਦੇ ਸੁਝਾਅ ਇਕੱਤਰ ਹੋ ਰਹੇ ਹਨ | ਇਹ ਜਾਣਕਾਰੀ ਡੀ.ਐੱਸ.ਪੀ. ਕਰਨ ਸਿੰਘ ਸੰਧੂ ਵਲੋਂ ਨਸ਼ਿਆਂ ਦੀ ਬੁਰਾਈ ਨੂੰ ਰੋਕਣ ਲਈ ਨੌਜਵਾਨਾਂ ਨਾਲ ਮੀਟਿੰਗ ਉਪਰੰਤ ਪੱਤਰਕਾਰ ਨੂੰ ਦਿੱਤੀ ਗਈ | ਕਰਨ ਸਿੰਘ ਸੰਧੂ ਨੇ ਦੱਸਿਆ ਕਿ ਨਸ਼ਿਆਂ ਦੀ ਬੁਰਾਈ ਖ਼ਤਮ ਕਰਨ ਲਈ ਡਰੱਗਜ਼ ਅਧਿਕਾਰੀਆਂ ਦੇ ਨਾਲ ਕੈਮਿਸਟਾਂ ਨਾਲ ਵੀ ਜਲਦੀ ਮੀਟਿੰਗ ਹੋਵੇਗੀ | ਡੀ.ਐੱਸ.ਪੀ ਸੰਧੂ ਨੇ ਦੱਸਿਆ ਕਿ ਸਾਡੇ ਪੁਲਿਸ ਮੁਲਾਜ਼ਮਾਂ ਦੀ ਇਕ ਟੀਮ ਬਣਾਈ ਗਈ, ਜੋ ਹੈਰੋਇਨ, ਭੁੱਕੀ ਅਤੇ ਗਾਂਜਾ ਵਰਗੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਜੁੜੇ ਸ਼ੱਕੀ ਲੋਕਾਂ 'ਤੇ ਨਜ਼ਰ ਰੱਖ ਰਹੀ ਹੈ | ਡੀ.ਐੱਸ.ਪੀ. ਕਰਨ ਸਿੰਘ ਸੰਧੂ ਵਲੋਂ ਨਸ਼ਿਆਂ ਦੀ ਰੋਕਥਾਮ ਨੂੰ ਲੈ ਕੇ ਨੌਜਵਾਨਾਂ ਨਾਲ ਮੀਟਿੰਗਾਂ ਸਮੇਂ ਆਪਣਾ ਨਿੱਜੀ ਫ਼ੋਨ ਨੰਬਰ ਜਨਤਕ ਕੀਤਾ ਜਾਂਦਾ ਤਾਂ ਕਿ ਨਸ਼ਾ ਤਸਕਰੀ ਵਾਲਿਆਂ ਬਾਰੇ ਕੋਈ ਵੀ ਜਾਣਕਾਰੀ ਦੇ ਸਕੇ, ਪੁਲਿਸ ਵਲੋਂ ਜਾਣਕਾਰੀ ਵਾਲੇ ਦਾ ਨਾਂਅ ਗੁਪਤ ਰੱਖਿਆ ਜਾਂਦਾ ਹੈ |