ਜਗਰਾਉਂ, 20 ਮਈ (ਸ਼ਮਸ਼ੇਰ ਸਿੰਘ ਗਾਲਿਬ)-ਨਾਜਾਇਜ਼ ਹਿਰਾਸਤ 'ਚ ਅੱਤਿਆਚਾਰਾਂ ਦੇ ਮਾਮਲੇ 'ਚ ਐੱਫ਼.ਆਈ.ਆਰ. ਦਰਜ ਕਰਨ ਅਤੇ ਡੀ.ਡੀ.ਆਰ. ਪਾਉਣ ਸੰਬੰਧੀ ਕੀਤੀ ਗਈ ਕਾਰਵਾਈ ਰਿਪੋਰਟ ਦੇ ਕੇਸ ਦੀ ਸੁਣਵਾਈ ਦੌਰਾਨ ਦਿਹਾਤੀ ਪੁਲਿਸ ਦੇ ਗ਼ੈਰ ਹਾਜ਼ਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਵਲੋਂ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਚਿਤਾਵਨੀ ਨੋਟਿਸ ਭੇਜਿਆ ਹੈ | ਦੱਸਣਯੋਗ ਹੈ ਕਿ ਅਪਰਾਧਿਕ ਮਾਮਲੇ ਵਿਚ ਐੱਫ਼.ਆਈ.ਆਰ. ਦਰਜ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਚਾਰ ਸਾਲਾਂ ਤੋਂ ਥਾਣੇ ਮੂਹਰੇ ਧਰਨੇ 'ਤੇ ਬੈਠੇ ਪੀੜਤਾਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸੁਖਦੇਵ ਸਿੰਘ ਚਕਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੋਹਣ ਸਿੰਘ ਸਵੱਦੀ, ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਭਰਪੂਰ ਸਿੰਘ ਛੱਜਾਵਾਲ, ਮਜ਼ਦੂਰ ਸਭਾ ਦੇ ਸਕੱਤਰ ਨਿਰਮਲ ਸਿੰਘ ਧਾਲੀਵਾਲ, ਸਤਿਕਾਰ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਸਿੰਘ ਢੋਲਣ ਨੇ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਜਾਣਬੁੱਝ ਕੇ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ ਅਤੇ ਪੀੜ੍ਹਤਾਂ ਨੂੰ ਇਨਸਾਫ਼ ਨਹੀਂ ਦੇ ਰਹੇ | ਉਨ੍ਹਾਂ ਦੱਸਿਆ ਕਿ ਉੱਚ ਪੱਧਰੀ ਪੜਤਾਲੀਆ ਰਿਪੋਰਟਾਂ, ਰਾਜ ਤੇ ਕੇਂਦਰੀ ਕਮਿਸ਼ਨਾਂ ਦੀਆਂ ਸਿਫਾਰਸ਼ਾਂ ਦੇ ਬਾਵਜੂਦ ਐੱਫ਼.ਆਈ.ਆਰ. ਦਰਜ ਕਰਨ ਤੋਂ ਇਨਕਾਰੀ ਪੁਲਿਸ ਅਧਿਕਾਰੀਆਂ ਦੇ ਅੜੀਅਲ ਵਤੀਰੇ ਤੋਂ ਖ਼ਫ਼ਾ ਰਾਜ ਸੂਚਨਾ ਕਮਿਸ਼ਨਰ ਵਲੋਂ ਸੀਨੀਅਰ ਜ਼ਿਲ੍ਹਾ ਦਿਹਾਤੀ ਪੁਲਿਸ ਮੁਖੀ ਡਾ. ਅੰਕੁਰ ਗੁਪਤਾ ਨੂੰ ਨੋਟਿਸ ਦੀ ਕਾਪੀ ਭੇਜਦੇ ਹੋਏ ਥਾਣਾ ਮੁਖੀ ਨੂੰ ਅਗਲੀ ਸੁਣਵਾਈ ਦੌਰਾਨ ਹਾਜ਼ਰ ਆਉਣ ਦੇ ਹੁਕਮ ਦਿੱਤੇ ਹਨ | ਉਨ੍ਹਾਂ ਦੱਸਿਆਂ ਕਿ ਕਮਿਸ਼ਨਰ ਵਲੋਂ ਚਿਤਾਵਨੀ ਦਿੱਤੀ ਹੈ ਕਿ ਗੈਰ-ਹਾਜ਼ਰੀ ਦੀ ਹਾਲਤ ਵਿਚ ਵਿਭਾਗੀ ਕਾਰਵਾਈ ਲਈ ਲਿਖਿਆ ਜਾਵੇਗਾ | ਇਸ ਸਮੇਂ ਪਟੀਸ਼ਨਰ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਮੌਕੇ ਦੇ ਕਥਿਤ ਥਾਣਾ ਮੁਖੀ ਗੁਰਿੰਦਰ ਸਿੰਘ ਬੱਲ ਅਤੇ ਏ.ਐੱਸ.ਆਈ. ਰਾਜਵੀਰ ਸਿੰਘ ਨੇ ਉਨ੍ਹਾਂ ਨੂੰ ਪਰਿਵਾਰ ਸਮੇਤ ਜ਼ਬਰੀ ਅਗਵਾ ਕਰਕੇ ਡੀ.ਐੱਸ.ਪੀ. ਗੁਰਜੀਤ ਸਿੰਘ ਰੋਮਾਣਾ ਦੇ ਦਫ਼ਤਰ ਵਿਚ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਸੀ ਅਤੇ ਫਿਰ ਉਨ੍ਹਾਂ 'ਤੇ ਤਸ਼ੱਦਦ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ, ਹਰਪਾਲ ਸਿੰਘ, ਗੁਰਦੀਪ ਸਿੰਘ ਸਵੱਦੀ, ਪੀੜਤਾ ਸੁਰਿੰਦਰ ਕੌਰ ਰਸੂਲਪੁਰ, ਗੁਰਮੇਲ ਕੌਰ, ਜੱਗਾ ਸਿੰਘ, ਸੁਏਬ ਖਾਨ, ਅਕਬਰ ਖਾਨ ਵੀ ਹਾਜ਼ਰ ਸਨ |
ਪੁਲਿਸ ਅਧਿਕਾਰੀਆਂ ਖ਼ਿਲਾਫ਼ ਵਾਰੰਟ ਜਾਰੀ ਕਰਨ ਦੀ ਚਿਤਾਵਨੀ
ਅਜੀਤ ਡੈਸਕ
21-05-2026