ਪਟਿਆਲਾ, 20 ਮਈ (ਧਰਮਿੰਦਰ ਸਿੰਘ ਸਿੱਧੂ)-ਤਪਦੀ ਗਰਮੀ ਕਾਰਨ ਜਿਥੇ ਚੰਡੀਗ਼ੜ੍ਹ ਦੇ ਸਕੂਲਾਂ 'ਚ ਗਰਮੀ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ | ਉਥੇ ਹੀ ਪੰਜਾਬ ਸਿੱਖਿਆ ਬੋਰਡ ਵਲੋਂ ਗਰਮੀਆਂ ਦੀਆਂ ਛੁੱਟੀਆਂ ਬਾਰੇ ਕੋਈ ਪੱਤਰ ਨਾ ਜਾਰੀ ਕਰਨਾ ਵਿਭਾਗ ਦੀ ਅਣਦੇਖੀ ਦਰਸਾਉਂਦਾ ਹੈ | ਫਿਲਹਾਲ ਸੂਬੇ ਭਰ 'ਚ ਲੱਗ ਰਹੇ ਸਰਕਾਰੀ ਤੇ ਨਿੱਜੀ ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਸਿੱਖਿਆ ਵਿਭਾਗ ਤੋਂ ਗਰਮੀ ਦੀਆਂ ਛੁੱਟੀਆਂ ਐਲਾਨਣ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ | ਮੌਜੂਦਾ ਸਮੇਂ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਤੇ ਲਿਆਉਣ ਵੇਲੇ ਵੱਖ ਵੱਖ ਤਰ੍ਹਾਂ ਦੇ ਢੰਗ ਤਰੀਕੇ ਅਪਣਾ ਕੇ ਗਰਮੀ ਤੋਂ ਬਚਾਉਣ ਵਿਚ ਜੁਟੇ ਹਨ ਅਤੇ ਦੂਜੇ ਪਾਸੇ ਗਰਮੀ ਵਿਚ ਸਾਈਕਲਾਂ 'ਤੇ ਆਉਣ ਵਾਲੇ ਵਿਦਿਆਰਥੀ ਘਰਾਂ ਤੱਕ ਪਹੁੰਚਣ ਲਈ ਰਸਤੇ ਵਿਚ ਰੁਕਣ ਲਈ ਮਜਬੂਰ ਹੋ ਰਹੇ ਹਨ | ਮੌਸਮ ਵਿਭਾਗ ਦੀ ਮੰਨੀਏ ਤਾਂ 24 ਮਈ ਤੱਕ ਗਰਮ ਹਵਾਵਾਂ ਚੱਲਣ ਦਾ ਯੈਲੋ ਅਲਰਟ ਦੱਸਿਆ ਗਿਆ ਹੈ ਤੇ ਤਾਪਮਾਨ ਵਿਚ 1-2 ਡਿਗਰੀ ਦਾ ਇਜ਼ਾਫਾ ਵੀ ਰੋਜ਼ਾਨਾ ਵਾਂਗੂ ਹੁੰਦਾ ਜਾ ਰਿਹਾ ਹੈ | ਇਸ ਪੈ ਰਹੀ ਗਰਮੀ ਕਾਰਨ ਜਿਥੇ ਕਲਾਸਾਂ ਵਿਚ ਬੈਠਣਾ ਵੀ ਵਿਦਿਆਰਥੀਆਂ ਨੂੰ ਮੁਸ਼ਕਲ ਹੋਇਆ ਪਿਆ ਹੈ ਉੱਥੇ ਹੀ ਨਿੱਕੇ ਬੱਚੇ ਗਰਮੀ ਕਾਰਨ ਬਿਮਾਰ ਹੁੰਦੇ ਨਜ਼ਰ ਆ ਰਹੇ ਹਨ | ਇਨ੍ਹਾਂ ਦਿਨਾਂ ਦੌਰਾਨ ਬਠਿੰਡਾ ਦਾ ਤਾਪਮਾਨ 47 ਡਿਗਰੀ, ਫ਼ਰੀਦਕੋਟ 46, ਪਟਿਆਲਾ 44, ਫ਼ਾਜ਼ਿਲਕਾ 42.6 ਅਤੇ ਲੁਧਿਆਣਾ ਦਾ 42.2 ਡਿਗਰੀ 'ਤੇ ਪਹੁੰਚ ਚੁੱਕਾ ਹੈ ਉੱਥੇ ਹੀ ਸਵੇਰੇ ਤੋਂ ਚੜ੍ਹੀ ਤਿੱਖੀ ਧੁੱਪ ਦੁਪਹਿਰ ਤੋਂ ਪਹਿਲਾਂ ਹੀ ਵਿਕਰਾਲ ਰੂਪ ਧਾਰਨ ਕਰ ਲੈਂਦੀ ਹੈ |