ਹੰਬੜਾਂ, 21 ਮਈ (ਮੇਜਰ ਹੰਬੜਾਂ)-ਭਾਵੇ ਕਿ ਸੂਬਾ ਸਰਕਾਰ ਤੇ ਖੇਤੀਬਾੜੀ ਮਹਿਕਮੇਂ ਵਲੋਂ ਖੇਤਾਂ 'ਚ ਕਣਕ ਦੇ ਨਾੜ ਨੂੰ ਅੱਗਾਂ ਲਗਾਏ ਜਾਣ 'ਤੇ ਪਾਬੰਦੀ ਲਗਾਈ ਹੋਈ ਹੈ, ਪਰ ਫਿਰ ਵੀ ਹੰਬੜਾਂ ਇਲਾਕੇ 'ਚ ਅਜੇ ਵੀ ਨਹੀਂ ਰੁਕ ਰਿਹਾ ਖੇਤਾਂ 'ਚ ਕਣਕ ਦੇ ਨਾੜ ਦੇ ਰਹਿੰਦ-ਖੂੰਹਦ ਨੂੰ ਅੱਗਾਂ ਲਗਾਏ ਜਾਣ ਦਾ ਰੁਝਾਨ ਦੇਖਣ 'ਚ ਆਇਆ ਹੈ | ਕਿਸਾਨ ਧੜਾ-ਧੜ ਖੇਤਾਂ 'ਚ ਅੱਗਾਂ ਲਗਾ ਰਹੇ ਤੇ ਲੱਗਦੇ ਇਥੇ ਖੇਤੀਬਾੜੀ ਮਹਿਕਮਾਂ ਬੇਖ਼ਬਰ ਹੈ ਤੇ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਹੈ | ਦੇਖਣ 'ਚ ਆਇਆ ਕਿ ਬਹੁਤੇ ਕਿਸਾਨਾਂ ਵਲੋਂ ਝੋਨੇ ਦੀ ਬਿਜਾਈ ਲਈ ਖੇਤ ਤਿਆਰ ਕੀਤੇ ਜਾਣ ਲਈ ਖੇਤਾਂ 'ਚ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਿਆਂ ਜਾ ਰਿਹਾ ਹੈ, ਜਿਸ ਨਾਲ ਵਤਾਵਰਨ ਪ੍ਰਦੂਸ਼ਿਤ ਹੋਣ ਦੇ ਨਾਲ ਧਰਤੀ ਦੀ ਉਪਜਾਊ ਤਾਕਤ ਘਟਣ ਦੇ ਨਾਲ ਖੇਤਾਂ 'ਚ ਕਿਸਾਨ ਦੇ ਮਿੱਤਰ ਕੀੜੇ ਵੀ ਨਸ਼ਟ ਹੋ ਰਹੇ ਹਨ, ਪਰ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਦਿਖਾਈ ਦੇ ਰਿਹਾ ਹੈ ਤੇ ਖੇਤਾਂ 'ਚ ਅੱਗਾਂ ਲਗਾਏ ਜਾਣ 'ਚ ਵਾਧਾ ਹੋ ਰਿਹਾ ਹੈ | ਖੇਤਾਂ 'ਚ ਅੱਗ ਲਗਾਏ ਜਾਣ ਨਾਲ ਬਹੁਤੇ ਥਾਂਈ ਸੜਕ ਕਿਨਾਰੇ ਖੜੇ ਬੜੀ ਮੁਸ਼ਕਿਲਾਂ ਨਾਲ ਪਾਲੇ ਗਏ ਦਰੱਖ਼ਤ ਵੀ ਅੱਗ ਦੀ ਭੇਟ ਚੜ੍ਹ ਰਹੇ ਹਨ, ਪਰ ਨਾ ਹੀ ਕਿਸਾਨ ਇਸ ਪਾਸੇ ਧਿਆਨ ਦੇ ਰਹੇ ਹਨ ਤੇ ਨਾ ਹੀ ਮਹਿਕਮਾਂ |