ਰਾਏਕੋਟ, 21 ਮਈ (ਸੁਸ਼ੀਲ)-ਇਲਾਕੇ ਵਿੱਚ ਪੈ ਰਹੀ ਅੱਤ ਦੀ ਗਰਮੀ ਕਾਰਨ ਨਗਰ ਕੌਂਸਲ ਦੇ ਚੋਣ ਮੈਦਾਨ ਵਿਚ ਕਿਸਮਤ ਅਜ਼ਮਾ ਰਹੇ ਉਮੀਦਵਾਰਾਂ ਨੂੰ ਆਪਣੀ ਚੋਣ ਰਣਨੀਤੀ ਫਿਰ ਤੋਂ ਉਲੀਕਣ ਲਈ ਮਜ਼ਬੂਰ ਕਰ ਦਿੱਤਾ ਹੈੈ | ਪਿਛਲੇ ਕੁਝ ਦਿਨਾਂ ਤੋਂ ਅਚਾਨਕ ਵਧੇ ਪਾਰੇ ਕਾਰਨ ਨੇ ਚੋਣਾਂ ਦੇ ਮੈਦਾਨ ਵਿਚ ਉੱਤਰੇ ਉਮੀਦਵਾਰਾਂ ਦੇ ਪਸੀਨੇ ਛੁਡਾ ਦਿੱਤੇ ਹਨ | ਦੁਪਹਿਰ ਸਮੇਂ ਤੇਜ਼ ਧੁੱਪ ਅਤੇ ਵਗਦੀ ਲੂ ਦੇ ਕਾਰਨ ਉਮੀਦਵਾਰਾਂ ਦੀ ਚੋਣ ਪ੍ਰਚਾਰ ਮੁਹਿੰਮ ਕਾਫ਼ੀ ਸੁਸਤ ਹੋ ਗਈ ਹੈ, ਜਿਸ ਦੇ ਚੱਲਦਿਆਂ ਉਮੀਦਵਾਰਾਂ ਨੂੰ ਨਾ ਚਾਹੁੰਦੇ ਹੋਏ ਵੀ ਦੁਪਹਿਰ ਦਾ ਸਮਾਂ ਆਪਣੇ ਘਰਾਂ ਜਾਂ ਦਫਤਰਾਂ ਵਿਚ ਬੈਠ ਕੇ ਲੰਘਾਉਣਾ ਪੈ ਰਿਹਾ ਹੈ, ਕਿਉਂਕਿ ਲਗਾਤਾਰ ਵੱਧ ਰਹੇ ਪਾਰੇ ਕਾਰਨ ਸਵੇਰੇ 10 ਵਜੇ ਤੋਂ ਬਾਅਦ ਹੀ ਬਾਜ਼ਾਰਾਂ ਅਤੇ ਗਲੀਆਂ ਵਿਚ ਸੰਨਾਟਾ ਪਸਰਨਾ ਸ਼ੁਰੂ ਹੋ ਜਾਂਦਾ ਹੈ ਅਤੇ ਲੋਕ ਆਪੋ ਆਪਣੇ ਘਰਾਂ ਵਿਚ ਦੁਬਕ ਕੇ ਬੈਠ ਜਾਂਦੇ ਹਨ | ਜਿਸ ਕਾਰਨ ਉਮੀਦਵਾਰਾਂ ਲਈ ਘਰ-ਘਰ ਜਾ ਕੇ ਪ੍ਰਚਾਰ ਕਰਨਾ ਮੁਸ਼ਕਿਲ ਹੋ ਗਿਆ ਹੈ | ਵੱਧ ਰਹੀ ਗਰਮੀ ਨੂੰ ਦੇਖਦੇ ਹੋਏ ਉਮੀਦਵਾਰਾਂ ਨੇੇ ਹੁਣ ਡੋਰ-ਟੂ-ਡੋਰ ਸੰਪਰਕ ਮੁਹਿੰਮ ਸਵੇਰ ਸਮੇਂ ਜਾਂ ਸੂਰਜ ਢਲਣ ਉਪਰੰਤ ਸ਼ਾਮ ਸਮੇਂ ਕਰ ਰਹੇ ਹਨ | ਇਸ ਤੋਂ ਇਲਾਵਾ ਦੁਪਹਿਰ ਦਾ ਸਮਾਂ ਉਹ ਆਪਣੇ ਘਰਾਂ ਜਾਂ ਦਫ਼ਤਰਾਂ ਵਿਚ ਬੈਠ ਕੇ ਸ਼ੋਸ਼ਲ ਮੀਡੀਆਂ ਰਾਹੀਂ ਆਪਣੀਆਂ ਚੋਣ ਪ੍ਰਚਾਰ ਤਸਵੀਰਾਂ ਅਤੇ ਚੋਣ ਮੈਨੀਫੈਸਟੋ ਵੋਟਰਾਂ ਤੱਕ ਪਹੁੰਚਾਉਣ ਦਾ ਯਤਨ ਕਰ ਰਹੇੇ ਹਨ | ਬੇਸ਼ੱਕ ਚੋਣਾਂ ਦਾ ਪਾਰਾ ਵੀ ਵੱਧ ਚੁੱਕਾ ਹੈ, ਪ੍ਰੰਤੂ ਸੂਰਜ ਦੇਵਤਾ ਦੇ ਪ੍ਰਚੰਡ ਰੂਪ ਨੇ ਉਮੀਦਵਾਰਾਂ ਦੀ ਰਫ਼ਤਾਰ 'ਤੇ ਬ੍ਰੇਕਾਂ ਜ਼ਰੂਰ ਲਗਾ ਦਿੱਤੀਆਂ ਹਨ |