ਜਗਰਾਉਂ, 21 ਮਈ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਅੰਦਰ ਸਫ਼ਾਈ ਸੇਵਕਾਂ ਦਾ ਸੰਘਰਸ਼ 16ਵੇਂ ਦਿਨ ਦਾਖ਼ਲ ਹੋ ਚੁੱਕਾ ਹੈ | ਸਫ਼ਾਈ ਸੇਵਕ ਕੱਚੇ ਕਾਮੇ ਪੱਕੇ ਕਰਨ, ਘੱਟੋ-ਘੱਟ ਉਜਰਤ 40 ਹਜ਼ਾਰ ਕਰਨ ਸਮੇਤ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਲਈ ਅੰਦੋਲਨ ਕਰ ਰਹੇ ਹਨ | ਪੇਂਡੂ ਮਜ਼ਦੂਰ ਯੂਨੀਅਨ ਵਲੋਂ ਅੱਜ ਸਫ਼ਾਈ ਕਾਮਿਆਂ ਦੇ ਨਗਰ ਕੌਂਸਲ ਜਗਰਾਉਂ ਵਿਖੇ ਚੱਲ ਰਹੇ ਧਰਨੇ ਵਿਚ ਸ਼ਮੂਲੀਅਤ ਕਰਕੇ ਇਸ ਸੰਘਰਸ਼ ਦੀ ਹਮਾਇਤ ਕੀਤੀ ਗਈ | ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮਾਣੂੰਕੇ, ਸਫ਼ਾਈ ਸੇਵਕਾਂ ਯੂਨੀਅਨ ਦੇ ਆਗੂ ਪ੍ਰਦੀਪ ਗਿੱਲ, ਸੰਤੋਖ ਬੱਬੂ ਅਤੇ ਸਤੀਸ਼ ਕੁਮਾਰ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਕਿਹਾ ਸੀ ਕਿ ਸਾਡੀ ਸਰਕਾਰ ਵਿਚ ਕਿਸੇ ਨੂੰ ਵੀ ਧਰਨੇ, ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਪਵੇਗੀ, ਪਰ ਝਾੜੂ ਹਕੂਮਤ ਦੇ ਰਾਜ ਅੰਦਰ ਅਮਲ ਇਸ ਦੇ ਉਲਟ ਹੋ ਰਿਹਾ ਹੈ | ਇਸ ਮੌਕੇ ਕੁਲਵੰਤ ਸਿੰਘ ਸੋਨੀ, ਕਰਮ ਸਿੰਘ ਰਸੂਲਪੁਰ, ਬੌਰਾ ਸਿੰਘ, ਬਲਬੀਰ ਸਿੰਘ, ਭੋਲਾ ਰਾਮ, ਦੀਵਾਨ ਸਿੰਘ, ਬੀਬੀ ਬਿਸ਼ਨੋ, ਆਸਾ, ਕੰਚਨ, ਸੁਨੀਤਾ ਆਦਿ ਹਾਜ਼ਰ ਸਨ |