ਜਗਰਾਉਂ, 21 ਮਈ (ਸ਼ਮਸ਼ੇਰ ਸਿੰਘ ਗਾਲਿਬ)-ਖੇਤੀਬਾੜੀ ਵਿਭਾਗ ਵਿਚ ਇਸ ਸਮੇਂ ਵੱਖ ਵੱਖ ਕੇਡਰਾਂ ਦੀਆਂ ਅਸਾਮੀਆਂ ਵੱਡੇ ਪੱਧਰ 'ਤੇ ਖਾਲੀ ਪਈਆਂ ਹਨ ਜਿਸ ਕਰਕੇ ਕਿਸਾਨਾਂ ਨੂੰ ਲੋੜੀਂਦੀ ਤਕਨੀਕੀ ਜਾਣਕਾਰੀ ਪ੍ਰਦਾਨ ਕਰਨ ਲਈ ਜ਼ਰੂਰੀ ਖੇਤੀ ਪਸਾਰ ਸੇਵਾਵਾਂ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀਆਂ ਹਨ | ਇੰਨ੍ਹਾਂ ਅਸਾਮੀਆਂ ਨੂੰ ਭਰਨ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੂਹ ਖੇਤੀਬਾੜੀ ਵਿਕਾਸ ਅਫ਼ਸਰਾਂ, ਬਾਗਬਾਨੀ ਵਿਕਾਸ ਅਫ਼ਸਰਾਂ, ਸਹਾਇਕ ਡਾਇਰੈਕਟਰ ਖੇਤੀਬਾੜੀ ਅਤੇ ਖੇਤੀਬਾੜੀ ਅਫ਼ਸਰਾਂ ਵਲੋਂ ਅੱਜ ਲਗਾਤਾਰ ਚੌਥੇ ਦਿਨ ਅਪਣੇ ਦਫ਼ਤਰ ਸਮੇਂ ਦੌਰਾਨ, ਕਿਸਾਨ ਸਿਖਲਾਈ ਕੈਂਪਾਂ, ਖੇਤਾਂ ਵਿਚ ਕਾਲੇ ਬਿੱਲੇ ਲਾ ਕੇ ਪੰਜਾਬ ਸਰਕਾਰ ਵਿਰੁੱਧ ਰੋਸ ਜ਼ਾਹਰ ਕੀਤਾ ਗਿਆ | ਪਲਾਂਟ ਡਾਕਟਰਜ਼ ਸਰਵਿਸਜ਼ ਐਸੋਸੀਏਸ਼ਨ ਪੰਜਾਬ ਦੇ ਨੁਮਾਇੰਦਿਆਂ ਡਾ: ਹਰਮਨਦੀਪ ਸਿੰਘ ਘੁੰਮਣ, ਸਤਵਿੰਦਰ ਸਿੰਘ, ਮਨਜਿੰਦਰ ਸਿੰਘ, ਸੁਖਚੈਨ ਸਿੰਘ, ਵਿਕਰਾਂਤ, ਜਸਪਾਲ ਸਿੰਘ ਧੰਜੂ, ਗੁਰਬੀਰ ਸਿੰਘ ਨੇ ਕਿਹਾ ਪੰਜਾਬ ਵਿਚ ਇਕੋ ਫ਼ਸਲੀ ਚੱਕਰ ਝੋਨਾ-ਕਣਕ ਦੀ ਵਜ੍ਹਾ ਕਰਕੇ ਡਿੱਗ ਰਹੇ ਪਾਣੀ ਦੇ ਪੱਧਰ, ਪਰਾਲੀ ਪ੍ਰਬੰਧਨ ਦੀ ਸਮੱਸਿਆ, ਵੱਧ ਰਹੇ ਖੇਤੀ ਖ਼ਰਚੇ ਆਦਿ ਸਮੱਸਿਆਵਾਂ ਦੇ ਹੱਲ ਲਈ ਖੇਤੀ ਪਸਾਰ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਵੱਡੇ ਪੱਧਰ 'ਤੇ ਲੋੜ ਹੈ | ਪਰ ਜਿਸ ਤਰ੍ਹਾਂ ਸਰਕਾਰ ਪੱਧਰ ਤੋਂ ਹਾਲੇ ਤੱਕ ਐਸੋਸੀਏਸ਼ਨ ਨੂੰ ਕਿਸੇ ਵੀ ਮੁੱਦੇ ਨੂੰ ਹੱਲ ਕਰਨ ਲਈ ਕੋਈ ਯੋਗ ਉਪਰਾਲਾ ਨਹੀਂ ਕੀਤਾ ਜਾ ਰਿਹਾ ਉਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਸਰਕਾਰ ਖੇਤੀ ਪਸਾਰ ਸੇਵਾਵਾਂ ਨੂੰ ਕਮਜ਼ੋਰ ਕਰਕੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਆਸਰੇ ਛੱਡਣ ਦੇ ਰਾਹ ਪਈ ਹੋਈ ਹੈ | ਆਗੂਆਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਸਰਕਾਰ ਵਲੋਂ ਖੇਤੀ ਮਾਹਿਰਾਂ ਦੀਆਂ ਮੰਗਾਂ ਤੋਂ ਟਾਲਾ ਵੱਟਦੀ ਰਹੀ ਤਾਂ ਆਉਣ ਵਾਲੇ ਦਿਨਾਂ ਵਿਚ ਐਸੋਸੀਏਸ਼ਨ ਵਲੋਂ ਵੱਡੇ ਐਕਸ਼ਨ ਉਲੀਕ ਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ |